ਮਲੇਰਕੋਟਲਾ : ਇਨੀਂ ਦਿਨੀਂ ਸੂਬੇ ਦੇ ਹਾਲਾਤ ਕਾਫੀ ਖਰਾਬ ਨਜ਼ਰ ਆ ਰਹੇ ਹਨ। ਅੱਜ ਕੱਲ ਦਿਨੇ ਹੀ ਹਨੇਰਾ ਹੋ ਜਾਂਦਾ ਹੈ ਪਰ ਇਹ ਹਨੇਰਾ ਪ੍ਰਦੂਸ਼ਣ ਹੈ ਜੋ ਖੇਤਾਂ ਵਿੱਚੋਂ ਧੂੰਏਂ ਦੇ ਰੂਪ ਵਿੱਚ ਨਿਕਲ ਕੇ ਸਾਡੀ ਸਿਹਤ ਨੂੰ ਖਰਾਬ ਕਰ ਰਿਹਾ ਹੈ। ਇਸ ਨੂੰ ਜ਼ਹਿਰੀਲਾ ਧੂੰਆਂ ਕਹਿ ਸਕਦੇ ਹਾਂ ਜੋ ਕਿ ਲੋਕਾਂ ਵਿੱਚ ਬਿਮਾਰੀਆਂ ਦੀ ਵਜ੍ਹਾ ਬਣਕੇ ਉਭਰ ਰਿਹਾ ਹੈ।
ਭਾਵੇਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਵਾਰ ਧੂੰਆਂ ਨਹੀਂ ਹੋਵੇਗਾ ਅਤੇ ਨਾਲ ਹੀ ਕਿਸਾਨਾ ਨੂੰ ਪਰਾਲੀ ਅੱਗ ਲਗਾਉਣ ਖਿਲਾਫ ਵੀ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਸਨ। ਪਰ ਇਹ ਸਾਰੇ ਵਾਅਦੇ ਧਰੇ ਦੇ ਧਰੇ ਰਹਿ ਗਏ ਕਿਉਂਕਿ ਕਿਸਾਨਾ ਨੂੰ ਪਰਾਲੀ ਨਾਲ ਨਿਪਟਣ ਲਈ ਨਾ ਤਾਂ ਸੰਦ ਮੁਹੱਈਆ ਕਰਵਾਏ ਗਏ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਗਿਆ।
ਇਸ ਬਾਰੇ ਨੌਜਵਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਪ੍ਰਦੂਸ਼ਣ ਨਾਲ ਵਾਹਨ ਚਲਾਣੇ ਮੁਸ਼ਕਿਲ ਹੋ ਗਏ ਹਨ ਅਤੇ ਜ਼ਹਿਰੀਲੇ ਧੂਏਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਨਸਾਨ ਨੂੰ ਲੱਗ ਰਹੀਆਂ ਹਨ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਨਾ ਕਿ ਕੋਈ ਲਾਰਿਆਂ ਦੇ ਵਿੱਚ ਰੱਖ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਚਾਹੀਦਾ ਹੈ।