ਸੰਗਰੂਰ: ਧੂਰੀ ਦੇ ਐਚ.ਡੀ.ਐਫ.ਸੀ. ਬੈਂਕ ਦੀ ਇਮਾਰਤ ਅੰਦਰ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਅਚਾਨਕ ਅੱਗ ਲੱਗਣ ਕਾਰਨ ਬੈਂਕ ਵਿੱਚ ਕੈਸ਼ ਦਾ ਲੈਣ-ਦੇਣ ਕਰਨ ਵਾਲੇ ਗ੍ਰਾਹਕ ਵੀ ਡਰ ਦੇ ਮਾਰੇ ਬਾਹਰ ਭੱਜੇ ਜਾਂਦੇ ਵੇਖੇ ਗਏ।
ਇਸ ਮੌਕੇ ਫ਼ਾਇਰ ਬ੍ਰਿਗੇਡ ਦੇ ਇੰਚਾਰਜ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 12.30 ਵਜੇ ਐਚ.ਡੀ.ਐਫ਼.ਸੀ. ਬੈਂਕ ਅੰਦਰ ਅੱਗ ਲੱਗਣ ਸਬੰਧੀ ਫ਼ੋਨ ਉਤੇ ਸੂਚਨਾ ਮਿਲੀ ਸੀ ਅਤੇ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ ਸਨ, ਜਿੱਥੇ ਬੈਂਕ ਦੀ ਇਮਾਰਤ ਅੰਦਰ ਰੱਖੇ ਅੱਗ ਬੁਝਾਊ ਯੰਤਰਾਂ ਦੀ ਮਦਦ ਦੇ ਨਾਲ ਬੈਂਕ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ।
ਇਸ ਦੇ ਨਾਲ ਹੀ ਐਚ.ਡੀ.ਐਫ਼.ਸੀ. ਬੈਂਕ ਦੇ ਮੈਨੇਜਰ ਤਰੁਣ ਗੁਪਤਾ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਨੂੰ ਏ.ਸੀ. ਵਿੱਚੋਂ ਧੂੰਆਂ ਨਿਕਲਦਾ ਨਜ਼ਰ ਆਇਆ, ਉਸ ਉਪਰੰਤ ਕੁੱਝ ਅੱਗ ਦੀ ਚਿੰਗਾਰੀਆਂ ਨਿਕਲਣੀ ਸ਼ੁਰੂ ਹੋ ਗਈਆਂ, ਜਿਸ ਦੇ ਚੱਲਦਿਆਂ ਬੈਂਕ ਵਿੱਚੋਂ ਗ੍ਰਾਹਕ ਅਤੇ ਬੈਂਕ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬੈਂਕ ਅੰਦਰ ਹੀ ਰੱਖੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਫਿਰ ਵੀ ਅਹਿਤਿਆਤ ਦੇ ਤੌਰ ਉੱਤੇ ਫ਼ਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਏ.ਸੀ. ਮਕੈਨਿਕਾਂ ਦੇ ਦੱਸਣ ਮੁਤਾਬਕ ਇਹ ਅੱਗ ਏ.ਸੀ. ਵਿੱਚੋਂ ਗੈਸ ਲੀਕੇਜ਼ ਹੋਣ ਉਤੇ ਸ਼ਾਟ ਸਰਕਿਟ ਹੋਣ ਨਾਲ ਲੱਗੀ ਹੈ। ਇਸ ਮੌਕੇ ਥਾਣਾ ਸਿਟੀ ਧੂਰੀ ਦੇ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਉੱਤੇ ਜਦੋਂ ਉਨ੍ਹਾਂ ਮੌਕੇ ਉਤੇ ਪਹੁੰਚ ਕੇ ਦੇਖਿਆ ਤਾਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ ਅਤੇ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।