ਸੰਗਰੂਰ: ਸੱਤਾ ਦਾ ਨਸ਼ਾ ਕਿਵੇਂ ਕਾਂਗਰਸੀ ਆਗੂਆਂ ਉਪਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਦੀ ਉਦਾਹਰਨ ਕਾਂਗਰਸ ਦੀ ਟਿਕਟ 'ਤੇ ਦੋ ਵਾਰ ਚੋਣਾਂ ਲੜ ਚੁੱਕੇ ਮਾਸਟਰ ਅਜੈਬ ਸਿੰਘ ਰਟੋਲਾਂ ਤੋਂ ਮਿਲਦੀ ਹੈ। ਭਾਵੇਂ ਉਹ ਦੋਵੇਂ ਵਾਰ (2012 ਅਤੇ 2017) ਵਿੱਚ ਚੋਣ ਹਾਰ ਗਏ ਪਰ ਫਿਰ ਵੀ ਖ਼ੁਦ ਨੂੰ ਹਲਕੇ ਦਾ ਐਮ.ਐਲ.ਏ. ਦੱਸ ਰਹੇ ਹਨ। ਹਲਕੇ ਦੇ ਲੋਕਾਂ 'ਤੇ ਰੋਅਬ ਰੱਖਣ ਲਈ ਉਨ੍ਹਾਂ ਘਰ ਦੀ ਨੇਮ ਪਲੇਟ 'ਤੇ ਵੀ ਐਮ.ਐਲ.ਏ. ਲਿਖਵਾਇਆ ਹੋਇਆ ਹੈ।
ਜਦੋਂ ਮਾਮਲੇ ਸਬੰਧੀ ਅਜੈਬ ਸਿੰਘ ਰਟੋਲਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਜੇ ਮੈਂ ਐਮ.ਐਲ.ਏ. ਲਿਖਵਾ ਲਿਆ ਤਾਂ ਕੀ ਹੋਇਆ, ਮੈਂ ਹਲਕੇ ਦਾ ਇੰਚਾਰਜ ਹਾਂ।
ਜਦੋਂ ਉਨ੍ਹਾਂ ਨੂੰ ਹਾਰ ਦੇ ਬਾਵਜੂਦ ਐਮ.ਐਲ.ਏ. ਲਿਖਵਾਉਣ ਦੀ ਉਲੰਘਣਾ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਉਨ੍ਹਾਂ ਕੋਲੋਂ ਪੁਛੇਗੀ ਤਾਂ ਉਹ ਜਵਾਬ ਦੇ ਦੇਣਗੇ।
ਜਾਣਕਾਰੀ ਅਨੁਸਾਰ ਘਰ ਦੀ ਨੇਮ ਪਲੇਟ 'ਤੇ ਉਨ੍ਹਾਂ ਨੇ ਮਾਸਟਰ ਅਜਾਇਬ ਸਿੰਘ ਰਟੋਲਾਂ, ਐਮ.ਐਲ.ਏ. ਲਿਖਵਾਇਆ ਹੋਇਆ ਅਤੇ ਉਸ ਹੇਠਾਂ ਇੱਕ ਹਲਕਾ ਇੰਚਾਰਜ ਨੋਟ ਵੀ ਮਿਲਿਆ। ਅਜੈਬ ਸਿੰਘ ਨੇ ਖੁਦ ਨੂੰ ਐਮ.ਐਲ.ਏ. ਦੱਸਦੇ ਇੱਕ ਫੇਸਬੁੱਕ ਆਈਡੀ ਵੀ ਬਣਾਈ ਹੋਈ ਹੈ।