ਲਹਿਰਾਗਾਗਾ: ਕੋਰੋਨਾ ਮਹਾਂਮਾਰੀ ਹੁਣ ਤੱਕ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਅਤੇ ਲੱਖਾਂ ਹੀ ਲੋਕ ਇਸ ਤੋਂ ਪੀੜਤ ਹਨ ਜਿਸ ਕਾਰਨ ਕਈ ਦੇਸ਼ਾਂ ਵਿੱਚ ਲੌਕਡਾਊਨ ਜਾਰੀ ਹੈ। ਲੌਕਡਾਊਨ ਦਾ ਇੱਕ ਸਕਰਾਤਮਕ ਪੱਖ ਇਹ ਹੈ ਕਿ ਸਮੁੱਚੇ ਵਿਸ਼ਵ ਵਿੱਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਡਿੱਗ ਰਿਹਾ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਜਾਰੀ ਲੌਕਡਾਊਨ ਕਾਰਨ ਹਵਾ ਅਤੇ ਪਾਣੀ ਸਾਫ਼ ਹੋਣ ਲੱਗ ਪਏ ਹਨ।
ਕੁੱਝ ਇਸੇ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੇ ਘੱਗਰ ਦਰਿਆ ਦਾ, ਜਿੱਥੇ ਹਰ ਸਮੇਂ ਫ਼ੈਕਟਰੀਆਂ ਵੱਲੋਂ ਛੱਡਿਆ ਗਿਆ ਗੰਦਾ ਕਾਲ਼ਾ ਪਾਣੀ ਵਗਦਾ ਸੀ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਫ਼ੈਕਟਰੀਆਂ ਆਦਿ ਬੰਦ ਹੋਣ ਕਾਰਨ ਇਸ ਦਾ ਪਾਣੀ ਕਾਫ਼ੀ ਹੱਦ ਤੱਕ ਸਾਫ਼ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਵੀ ਖ਼ੁਸ਼ੀ ਹੈ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਫ਼ੈਕਰਟੀਆਂ ਵੱਲੋਂ ਪਾਣੀਆਂ ਨੂੰ ਦੂਸ਼ਿਤ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਕੰਮ ਸਰਕਾਰ ਕਰੋੜਾਂ ਰੁਪਏ ਖ਼ਰਚ ਕਰਕੇ ਵੀ ਨਹੀਂ ਕਰ ਸਕੀ, ਉਹ ਕੰਮ 21 ਦਿਨਾਂ ਦੇ ਲੌਕਡਾਊਨ ਨੇ ਕਰ ਵਿਖਾਇਆ ਹੈ।