ਚੰਡੀਗੜ੍ਹ: ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰ ਰਹੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅੱਜ ਮ੍ਰਿਤਰ ਜਗਮੇਲ ਸਿੰਘ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੀੜਤ ਦਾ ਪਰਿਵਾਰ ਪੀਜੀਆਈ ਹਸਪਤਾਲ ਪਹੁੰਚ ਚੁੱਕਿਆ ਹੈ।
ਪੀੜਤ ਪਰਿਵਾਰ ਨੇ 20 ਲੱਖ ਰੁਪਏ ਦੇ ਮੁਆਵਜ਼ੇ 'ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਚੰਡੀਗੜ੍ਹ 'ਚ ਇੱਕ ਬੈਠਕ ਦੌਰਾਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਮ੍ਰਿਤਕ ਦੇ ਭੋਗ ਦਾ ਖਰਚਾ ਵੀ ਚੁੱਕੇਗੀ। ਇਸ ਦੇ ਨਾਲ ਹੀ 3 ਦਿਨਾਂ ਤੋਂ ਧਰਨੇ 'ਤੇ ਬੈਠੇ ਲੋਕਾਂ ਨੇ ਵੀ ਆਪਣਾ ਧਰਨਾ ਚੁੱਕ ਲਿਆ ਹੈ।
ਜਗਮੇਲ ਸਿੰਘ ਦੀ ਮੌਤ ਮਾਮਲੇ 'ਚ ਫੜ੍ਹੇ ਗਏ 4 ਮੁਲਜ਼ਮਾਂ ਨੂੰ ਸੋਮਵਾਰ ਨੂੰ ਸੰਗਰੂਰ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਹੋਰ ਪੁੱਛ-ਗਿੱਛ ਲਈ 21 ਨਵੰਬਰ ਤੱਕ ਰਿਮਾਂਡ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਦੋਸ਼ੀਆਂ ਵਿਰੁੱਧ ਅਗਵਾ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਦੇ ਨਾਲ ਨਾਲ ਐੱਸਸੀਐੱਸਟੀ (ਅਤਿਆਚਾਰ ਰੋਕਥਾਮ ਐਕਟ) ਦੀ ਧਾਰਾ ਤਹਿਤ ਲਹਿਰਾ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਦਲਿਤ ਵਿਅਕਤੀ ਜਗਮੇਲ ਸਿੰਘ ਨੂੰ 4 ਨੌਜਵਾਨਾਂ ਨੇ 3 ਘੰਟੇ ਤੱਕ ਬੰਨ੍ਹ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਸੀ। ਇੰਨ੍ਹਾ ਹੀ ਨਹੀਂ ਦੋਸ਼ੀਆਂ ਨੇ ਪੀੜਤ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ ਅਤੇ ਪਾਣੀ ਮੰਗਣ 'ਤੇ ਉਸ ਨੂੰ ਪਿਸ਼ਾਬ ਪਿਲਾਇਆ ਸੀ। ਇਸ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਪੀੜਤ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਚਾਰ ਕਥਿਤ ਮੁਲਜ਼ਮਾਂ ਰਿੰਕੂ, ਅਮਰਜੀਤ ਸਿੰਘ, ਲੱਕੀ ਉਰਫ਼ ਗੋਲੀ ਤੇ ਬੀਟਾ ਉਰਫ਼ ਬਿੰਦਰ ਵਿਰੁੱਧ ਮਾਮਲਾ ਦਰਜ ਕਰ ਕਾਬੂ ਕਰ ਲਿਆ ਸੀ।