ਸੰਗਰੂਰ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਅਤੇ ਭਾਜਪਾ ਉੱਪਰ ਆਪਣੇ ਸ਼ਬਦੀ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਜੇਕਰ ਬਾਦਲਾਂ ਵਿੱਚ ਥੋੜ੍ਹੀ ਜਿਹੀ ਵੀ ਗ਼ੈਰਤ ਹੈ, ਤਾਂ ਦਿੱਲੀ ਦੀ ਮਨਿਸਟਰੀ ਛੱਡ ਕੇ ਪੰਜਾਬ ਨਾਲ ਆ ਕੇ ਖੜਨ, ਪਰ ਇਨ੍ਹਾਂ ਨੂੰ ਕੁਰਸੀ ਦਾ ਮੋਹ ਸਤਾ ਰਿਹਾ ਹੈ। ਜਦਕਿ ਮੋਦੀ ਅਤੇ ਅਮਿਤ ਸ਼ਾਹ ਨੇ ਅਕਾਲੀ ਦਲ ਨੂੰ ਦੁੱਧ ਵਿੱਚੋਂ ਮੱਖੀ ਵਾਂਗ ਬਾਹਰ ਕੱਢ ਕੇ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਵਾਲੇ ਭਾਜਪਾ ਦੀ ਝੋਲੀ ਪੈ ਕੇ ਨਿੱਜੀ ਫਾਇਦੇ ਲੈਂਦੇ ਰਹੇ। ਹੁਣ ਦਿੱਲੀ ਸਰਕਾਰ ਵੱਲੋਂ ਅੱਖਾਂ ਵਿਖਾਉਣ 'ਤੇ ਇਹ ਆਗੂ ਬਿਟਰ-ਬਿਟਰ ਝਾਕਣ ਲਈ ਮਜਬੂਰ ਹਨ।
ਢੀਂਡਸਾ ਪਰਿਵਾਰ 'ਤੇ ਵੀ ਵਿੰਨ੍ਹੇ ਨਿਸ਼ਾਨੇ
ਬੀਬੀ ਭੱਠਲ ਨੇ ਢੀਂਡਸਾ ਪਰਿਵਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਨੇ ਜ਼ਿਲ੍ਹਾ ਸੰਗਰੂਰ ਢੀਂਡਸਾ ਪਰਿਵਾਰ ਕੋਲ ਗਹਿਣੇ ਧਰ ਦਿੱਤਾ ਸੀ, ਜਿਨ੍ਹਾਂ ਨੇ ਸੰਗਰੂਰ ਜ਼ਿਲ੍ਹਾ ਅਕਾਲੀ ਦਲ ਦੇ ਨਕਸ਼ੇ ਤੋਂ ਖ਼ਤਮ ਕਰ ਦਿੱਤਾ। ਉਸੇ ਤਰ੍ਹਾਂ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਕੋਲ ਪੰਜਾਬ ਗਹਿਣੇ ਧਰ ਦਿੱਤਾ ਜਿਸ ਦੀ ਬਦੌਲਤ ਅੱਜ ਪੰਜਾਬ ਦਾ ਅਕਾਲੀ ਦਲ ਲੀਰੋ ਲੀਰ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਹਰਾ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਤਿੰਨ ਵਾਰ ਜਿਤਾਇਆ, ਪਰ ਹੁਣ ਸੁਨਾਮ ਛੱਡ ਕੇ ਲਹਿਰਾ ਭੱਜ ਆਇਆ। ਉਸੇ ਤਰ੍ਹਾਂ ਬਾਦਲ ਪਰਿਵਾਰ ਕੋਲੋਂ ਕੋਈ ਫਾਇਦਾ ਨਾ ਮਿਲਦਾ ਦੇਖ ਕੇ ਹੁਣ ਇਹ ਅਕਾਲੀ ਦਲ ਛੱਡ ਕੇ ਭੱਜ ਰਿਹਾ ਹੈ। ਢੀਂਡਸਾ ਦੀ ਰਾਜਨੀਤੀ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਅਸਰ ਨਹੀਂ ਪੈਂਦਾ। ਉਹੀ ਢੀਂਡਸਾ ਜਿਸ ਨੇ ਪ੍ਰਧਾਨਗੀ ਲਈ ਸੁਖਬੀਰ ਸਿੰਘ ਬਾਦਲ ਦਾ ਨਾਂਅ ਪ੍ਰਪੋਜ਼ ਕੀਤਾ ਸੀ, ਹੁਣ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਕਹਿ ਰਿਹਾ ਹੈ।
ਇਹ ਵੀ ਪੜ੍ਹੋ: 11 ਫਰਵਰੀ ਨੂੰ ਜਦੋਂ ਨਤੀਜੇ ਆਉਣਗੇ ਤਾਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਜਾਵੇਗਾ: ਭਗਵੰਤ ਮਾਨ