ਸੰਗਰੂਰ: ਲਹਿਰਾਗਾਗਾ ਦੇ ਮੂਨਕ ਨੇੜਲੇ ਪਿੰਡ ਮੰਡਵੀ ਦੇ ਇੱਕ ਪਰਿਵਾਰ ਉਪਰ ਕੁਦਰਤ ਨੇ ਅਜਿਹੀ ਕਰੋਪੀ ਢਾਹੀ ਹੋਈ ਹੈ ਕਿ ਜ਼ਿੰਦਗੀ ਦੇ ਦਿਨ ਕੱਟਣੇ ਵੀ ਮੁਸ਼ਕਿਲ ਹੋਏ ਪਏ ਹਨ। ਦੋਵੇਂ ਭਰਾ ਗੁਰਦੇਵ ਸਿੰਘ ਤੇ ਜਗਦੇਵ ਸਿੰਘ ਨੂੰ ਅੱਖਾਂ ਤੋਂ ਕੁੱਝ ਵੀ ਵਿਖਾਈ ਨਹੀਂ ਦਿੰਦਾ। ਪਰਿਵਾਰ ਦਾ ਗੁਜਾਰਾ ਦੋਵਾਂ ਦੀਆਂ ਪਤਨੀਆਂ ਔਖੇ-ਸੌਖੇ ਕਰ ਰਹੀਆਂ ਹਨ। ਈਟੀਵੀ ਭਾਰਤ ਨੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਦੁੱਖ ਦੀ ਵਿੱਥਿਆ ਦੱਸੀ ਕਿ ਕੋਈ ਵੀ ਉਨ੍ਹਾਂ ਦੀ ਇਸ ਔਖੇ ਸਮੇਂ ਵਿੱਚ ਮਦਦ ਲਈ ਨਹੀਂ ਪਹੁੰਚ ਰਿਹਾ।
ਬਲਦੇਵ ਸਿੰਘ ਤੇ ਜਗਦੇਵ ਸਿੰਘ ਨੇ ਦੱਸਿਆ ਕਿ 20 ਸਾਲਾਂ ਤੋਂ ਉਨ੍ਹਾਂ ਦੀ ਨਜ਼ਰ ਘੱਟਦੀ ਜਾ ਰਹੀ ਹੈ ਅਤੇ ਹੁਣ ਪੂਰੀ ਤਰ੍ਹਾਂ ਵਿਖਾਈ ਦੇਣਾ ਬੰਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਦੀਆਂ ਪਤਨੀਆਂ ਦਿਹਾੜੀ ਵਗੈਰਾ ਕਰਕੇ ਪਰਿਵਾਰ ਦਾ ਮਸਾਂ ਗੁਜਾਰਾ ਕਰ ਰਹੀਆਂ ਹਨ। ਕਦੇ ਦੋ ਟਾਈਮ ਦੀ ਰੋਟੀ ਨਸੀਬ ਹੋ ਜਾਂਦੀ ਹੈ ਅਤੇ ਕਦੇ ਇੱਕ ਸਮਾਂ ਲੂਣ ਨਾਲ ਵੀ ਖਾਣੀ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਇੱਕ ਸਿਰਫ਼ 700 ਰੁਪਏ ਪੈਨਸ਼ਨ ਹੈ ਬਾਕੀ ਪ੍ਰਸ਼ਾਸਨਿਕ ਅਧਿਕਾਰੀ ਕੋਲ ਵੀ ਪਹੁੰਚ ਕੀਤੀ ਗਈ ਸੀ ਪਰੰਤੂ ਕੋਈ ਹੱਲ ਨਹੀਂ ਹੋਇਆ ਹੈ। ਪਿੰਡ ਦੀ ਪੰਚਾਇਤ ਵੀ ਉਨ੍ਹਾਂ ਦੇ ਪਰਿਵਾਰ ਦੀ ਕੋਈ ਮਦਦ ਨਹੀਂ ਕਰ ਰਹੀ ਹੈ। ਹੁਣ ਸਿਰਫ਼ ਰੱਬ ਦੇ ਆਸਰੇ ਦਿਨ ਕੱਟ ਰਹੇ ਹਨ।
ਘਰ ਦੀਆਂ ਔਰਤਾਂ ਨੇ ਦੱਸਿਆ ਕਿ ਕੋਈ ਵੀ ਉਨ੍ਹਾਂ ਦੇ ਪਰਿਵਾਰ ਦੀ ਸਾਰ ਨਹੀਂ ਲੈ ਰਿਹਾ ਹੈ। ਜੇਕਰ ਦਿਹਾੜੀ ਮਿਲ ਜਾਵੇ ਤਾਂ ਗੁਜਾਰਾ ਹੋ ਜਾਂਦਾ ਹੈ ਨਹੀਂ ਤਾਂ ਫਿਰ ਦਿਨ ਕੱਟਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੇ ਬੱਚੇ ਭੁੱਖ ਨਾਲ ਵਿਲਕਦੇ ਰਹਿੰਦੇ ਹਨ। ਇੱਕ ਬੱਚਾ ਮੰਦਬੁੱਧੀ ਵੀ ਹੈ।
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਪੜ੍ਹ ਲਿਖ ਸਕਣ ਅਤੇ ਚੰਗੀ ਜਿੰਦਗੀ ਕੱਟ ਸਕਣ।
ਪਿੰਡ ਦੇ ਇੱਕ ਵਸਨੀਕ ਨੇ ਵੀ ਪਰਿਵਾਰ ਦੀ ਮਾੜੀ ਹਾਲਤ ਬਾਰੇ ਗਵਾਹੀ ਭਰਦਿਆਂ ਕਿਹਾ ਕਿ ਪਰਿਵਾਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਖਾਣ ਲਈ ਘਰ ਵਿੱਚ ਕੁੱਝ ਵੀ ਨਹੀਂ ਹੁੰਦਾ। ਪਰਿਵਾਰ ਬਹੁਤ ਹੀ ਮੁਸ਼ਕਿਲ ਹਾਲਾਤ ਵਿੱਚ ਗ੍ਰਸਿਆ ਹੋਇਆ ਹੈ। ਉਸ ਨੇ ਸਰਕਾਰ ਕੋਲੋਂ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।