ਸੰਗਰੂਰ: ਬਿਮਾਰੀ ਕੋਈ ਵੀ ਨਹੀਂ, ਬਿਮਾਰੀ ਮਨੁੱਖ ਨੂੰ ਤੋੜਦੀ ਹੈ ਅਤੇ ਜੇ ਘਰ ਦੀ ਸਥਿਤੀ ਸਹੀ ਨਹੀਂ ਹੁੰਦੀ ਤਾਂ ਸਥਿਤੀ ਇਸ ਤੋਂ ਵੀ ਬਦਤਰ ਹੋ ਜਾਂਦੀ ਹੈ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੁੱਲਰਹੇੜੀ ਦੇ ਰਾਮ-ਕ੍ਰਿਸ਼ਨ ਦੀਆਂ ਹਨ, ਜੋ ਕਿ ਮੰਜੇ ਉੱਤੇ ਪਿਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਾਮ-ਕ੍ਰਿਸ਼ਨ ਦੀ ਘਰਵਾਲੀ ਬਰਮਤੀ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਲਗਭਗ 9 ਮਹੀਨੇ ਪਹਿਲਾਂ ਭਿਆਨਕ ਬਿਮਾਰੀਆਂ ਨੇ ਘੇਰ ਲਿਆ ਸੀ।
ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਤਬੀਅਤ ਬਹੁਤ ਹੀ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੀਜੀਆਈ ਲਿਜਾਣਾ ਪਿਆ। ਜਿਥੇ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਕਾਲਾ ਪੀਲੀਆ, ਗੁਰਦਿਆਂ ਅਤੇ ਸ਼ੂਗਰ ਦੀ ਬੀਮਾਰੀ ਹੈ।
ਉਸ ਦਾ ਕਹਿਣਾ ਹੈ ਕਿ ਸਾਡੇ ਘਰ ਦੀ ਆਰਥਿਕ ਹਾਲਤ ਬਹੁਤ ਹੀ ਖ਼ਰਾਬ ਹੈ, ਕੋਈ ਵੀ ਕਮਾਉਣ ਵਾਲਾ ਨਹੀਂ ਹੈ, ਜਿਸ ਕਰ ਕੇ ਉਸ ਦੇ ਪਤੀ ਨੂੰ ਰੋਜ਼-ਰੋਜ਼ ਚੰਡੀਗੜ੍ਹ ਲਿਜਾ ਕੇ ਇਲਾਜ਼ ਕਰਵਾਉਣਾ ਬਹੁਤ ਹੀ ਔਖਾ ਹੋਇਆ ਪਿਆ ਹੈ। ਉਸ ਨੇ ਦੱਸਿਆ ਕਿ ਉਹ ਪਿੰਡ ਵਿੱਚ ਲੋਕਾਂ ਦਾ ਗੋਹਾ-ਕੂੜਾ ਕਰ ਕੇ ਅਤੇ ਪਿੰਡ ਦੀਆਂ ਨਾਲੀਆਂ ਸਾਫ਼ ਕਰ ਕੇ ਘਰ ਦਾ ਗੁਜ਼ਾਰਾ ਕਰ ਰਹੀ ਹੈ।
ਬਰਮਤੀ ਕੌਰ ਨੇ ਦੱਸਿਆ ਕਿ ਹੁਣ ਤੱਕ 2 ਲੱਖ ਦੇ ਕਰੀਬ ਖ਼ਰਚਾ ਆ ਚੁੱਕਾ ਹੈ, ਉਹ ਵੀ ਪਿੰਡ ਵਾਸੀਆਂ ਨੇ ਹੀ ਮਦਦ ਕੀਤੀ ਹੈ। ਉਸ ਦਾ ਪਤੀ ਹੀ ਇਕਲੌਤਾ ਕਮਾਉਣ ਵਾਲਾ ਸੀ, ਪਰ ਹੁਣ ਉਹ ਵੀ ਮੰਜੇ ਉੱਤੇ ਪੈ ਗਿਆ ਹੈ।
ਉਸ ਦੀ ਸਰਕਾਰ ਅਤੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਕਿ ਚਿੰਤਾ ਮੁਕਤ ਹੋ ਕੇ ਉਸ ਦੇ ਪਤੀ ਦਾ ਇਲਾਜ਼ ਹੋ ਸਕੇ।
ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਜਯੰਤੀ ਪਿੰਡ ਦਾ ਬਹੁਤ ਗ਼ਰੀਬ ਪਰਿਵਾਰ ਹੈ, ਪਹਿਲਾਂ ਉਸ ਨੇ ਸਾਡੇ ਪਿੰਡ ਤੋਂ ਪੈਸੇ ਇਕੱਠੇ ਕੀਤੇ ਸਨ, ਜਿਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਤੋਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਉਹ ਹੋਰਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਉਸ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਉਸ ਦਾ ਇਲਾਜ ਇੱਕ ਚੰਗੇ ਹਸਪਤਾਲ ਦੁਆਰਾ ਕੀਤਾ ਜਾ ਸਕੇ।