ਮਲੇਰਕੋਟਲਾ: ਮੁਹੰਮਦ ਅਨਵਰ ਜਿਸ ਦੀਆਂ 4 ਬੇਟੀਆਂ ਅਤੇ 1 ਬੇਟਾ ਹੈ, ਉਹ ਗ਼ਰੀਬੀ ਦੌਰ ਵਿੱਚ ਗੁਜ਼ਰ ਰਿਹਾ ਹੈ। ਦੁੱਖਾਂ ਦਾ ਹੋਰ ਪਹਾੜ ਉਸ ਸਮੇਂ ਟੁੱਟ ਗਿਆ ਜਦੋਂ ਡੇਢ ਸਾਲ ਪਹਿਲਾਂ ਉਸ ਦੇ ਜਵਾਨ ਬੇਟੇ ਦੀ ਲੱਤ ਦੇ ਵਿੱਚ ਬੋਨ ਕੈਂਸਰ ਅਤੇ 6 ਮਹੀਨੇ ਪਹਿਲਾਂ ਉਸ ਦੀ ਪਤਨੀ ਦੇ ਗਲੇ ਵਿੱਚ ਕੈਂਸਰ ਦੀ ਬੀਮਾਰੀ ਹੋ ਗਈ ਹੈ। ਇਸ ਨੂੰ ਲੈ ਕੇ ਖੁਦ ਆਪ ਦਿਲ ਦੀ ਬੀਮਾਰੀ ਦਾ ਮਰੀਜ਼ ਮੁਹੰਮਦ ਅਨਵਰ ਹੁਣ ਇਨ੍ਹਾਂ ਦੀ ਬਿਮਾਰੀ ਦੇ ਇਲਾਜ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਰਿਹਾ ਹੈ।
ਇਸ ਮੌਕੇ ਮੁਹੰਮਦ ਅਨਵਰ ਦੇ ਬੇਟੇ ਮੁਹੰਮਦ ਇਰਸ਼ਾਦ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਜਲਦੀ ਠੀਕ ਹੋਣਾ ਚਾਹੁੰਦਾ ਹੈ ਅਤੇ ਆਪਣੀ ਮਾਂ ਅਤੇ ਬਾਪ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ 4 ਭੈਣਾਂ ਦਾ ਇਕਲੌਤਾ ਭਰਾ ਹੈ, ਜੋ ਅੱਜ ਆਪਣੀ ਬਿਮਾਰ ਮਾਂ ਦੇ ਨਾਲ ਮੰਜੇ 'ਤੇ ਪੈ ਕੇ ਇਲਾਜ ਦੀ ਉਡੀਕ ਕਰ ਰਿਹਾ ਹੈ।
ਇਸ ਮੌਕੇ ਮੁਹੰਮਦ ਅਨਵਰ ਨੇ ਦੱਸਿਆ ਕਿ ਪਹਿਲਾਂ ਉਸ ਦੇ ਬੇਟੇ ਨੂੰ ਕੈਂਸਰ ਹੋਇਆ ਜਿਸ ਦਾ ਇਲਾਜ ਉਹ ਠੋਕਰਾਂ ਖਾ-ਖਾ ਕੇ ਕਰਵਾ ਰਿਹਾ ਸੀ, ਪਰ ਉਸ ਤੋਂ ਬਾਅਦ ਉਸ ਦੀ ਪਤਨੀ ਨੂੰ ਵੀ ਗਲੇ ਦਾ ਕੈਂਸਰ ਹੋ ਗਿਆ ਜਿਸ ਕਰਕੇ ਹੁਣ ਇਸ ਮਾੜੇ ਦੁੱਖ ਦੇ ਦੌਰ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਮੂੰਹ ਮੋੜ ਗਏ ਹਨ। ਉਸ ਨੇ ਕਿਹਾ ਕਿ ਮਦਦ ਤਾਂ ਦੂਰ ਦੀ ਗੱਲ, ਕੋਈ ਹਾਲ ਵੀ ਨਹੀਂ ਪੁੱਛਦਾ।
ਇਹ ਵੀ ਪੜ੍ਹੋ: ਪਾਕਿ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਪੀ.ਓ.ਕੇ. 'ਤੇ ਕਾਰਵਾਈ ਤੋਂ ਬਾਅਦ ਕੀਤਾ ਤਲਬ
ਅਨਵਰ ਨੇ ਕਿਹਾ ਕਿ ਸਰਕਾਰ ਵੀ ਲੱਖ ਦਾਅਵੇ ਕਰਦੀ ਹੈ, ਪਰ ਉਹ ਸਾਰੇ ਦਾਅਵੇ ਝੂਠੇ ਨਿਕਲਦੇ ਹਨ। ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਦੀ ਬਿਮਾਰ ਪਤਨੀ ਅਤੇ ਬੇਟੇ ਦਾ ਇਲਾਜ ਕਰਵਾਉਣ ਵਿੱਚ ਮਦਦ ਕਰਨ।