ਸੰਗਰੂਰ: ਦਿੱਲੀ ਵਿਖੇ ਪਾਕਿਸਤਾਨ ਦੂਤਘਰ ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਦਾ ਪਰਿਵਾਰ ਸਮੇਤ ਪਾਕਿਸਤਾਨ ਜਾਂਦੇ ਹੋਏ ਸੰਗਰੂਰ ਦੇ ਦਿੜ੍ਹਬਾ 'ਚ ਸੜਕ ਹਾਦਸਾ ਹੋ ਗਿਆ ਹੈ। ਹਾਦਸੇ ਵਿੱਚ ਦੂਤਘਰ ਵਿੱਚ ਕੰਮ ਕਰਨ ਵਾਲੇ ਅਬਦੁੱਲ ਹਾਮਿਦ, ਉਸ ਦੇ ਦੋਸਤ ਅਤੇ ਕਾਰ ਚਾਲਕ ਦੇ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਮੌਕੇ 'ਤੇ ਅਬਦੁੱਲ ਵਾਹਿਦ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਇਸਲਾਮਾਬਾਦ ਦਾ ਰਹਿਣ ਵਾਲਾ ਹੈ ਅਤੇ ਇੱਧਰ ਭਾਰਤ ਵਿੱਚ ਪਾਕਿਸਤਾਨ ਦੂਤਘਰ ਵਿੱਚ ਕੰਮ ਕਰਦਾ ਹੈ। ਐਤਵਾਰ ਨੂੰ ਉਹ ਦੂਤਘਰ ਤੋਂ ਦੋਸਤ ਸਮੇਤ 6 ਪਰਿਵਾਰਕ ਮੈਂਬਰਾਂ ਨਾਲ ਟੈਂਪੂ ਟਰੈਵਲਰ ਗੱਡੀ ਵਿੱਚ ਸਵਾਰ ਹੋ ਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਸੰਗਰੂਰ ਦੇ ਦਿੜ੍ਹਬਾ ਪੁੱਜੇ ਤਾਂ ਇਥੇ ਇੱਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਉਹ ਸਾਰੇ ਸੁੱਤੇ ਪਏ ਸਨ, ਟੱਕਰ ਤੋਂ ਬਾਅਦ ਹੀ ਉਨ੍ਹਾਂ ਨੂੰ ਸਭ ਕੁੱਝ ਪਤਾ ਲੱਗਿਆ।
ਹਾਦਸੇ ਵਿੱਚ ਅਬਦੁੱਲ ਹਾਮਿਦ ਦੇ ਸਿਰ ਵਿੱਚ ਅਤੇ ਕਾਰ ਚਾਲਕ ਦੇ ਪੈਰ ਵਿੱਚ ਸੱਟ ਲੱਗੀ ਹੈ, ਜਦਕਿ ਉਸ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਲੱਤ ਟੁੱਟ ਗਈ ਹੈ, ਜਿਸ ਨੂੰ ਦਿੱਲੀ ਵਿਖੇ ਪਾਕਿਸਤਾਨ ਦੂਤਘਰ ਵਿੱਚ ਇਲਾਜ ਵਾਪਸ ਭੇਜ ਦਿੱਤਾ ਹੈ।
ਹਾਦਸੇ ਵਿੱਚ ਜ਼ਖ਼ਮੀ ਕਾਰ ਚਾਲਕ ਪ੍ਰਿੰਸ ਨੇ ਦੱਸਿਆ ਕਿ ਉਹ ਦਿੱਲੀ ਦੂਤਘਰ ਤੋਂ ਅਬਦੁੱਲ ਹਾਮਿਦ ਦੇ ਪਰਿਵਾਰ ਨੂੰ ਲੈ ਕੇ ਆਇਆ ਸੀ ਅਤੇ ਵਾਹਗਾ ਸਰਹੱਦ 'ਤੇ ਛੱਡਣਾ ਸੀ। ਉਸ ਨੇ ਦੱਸਿਆ ਕਿ ਇਥੇ ਰਸਤੇ ਵਿੱਚ ਇੱਕ ਟਰੱਕ ਨੇ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਗੱਡੀ ਨਾ ਰੁਕਣ ਕਰ ਕੇ ਟੱਕਰ ਹੋ ਗਈ।
ਉੱਧਰ, ਮੌਕੇ ਉੱਤੇ ਜਾਂਚ ਕਰ ਰਹੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਲੋਕ ਪਾਕਿਸਤਾਨ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਪੀੜਤ ਅਬਦੁੱਲ ਹਾਮਿਦ ਵੱਲੋਂ ਪਾਕਿਸਤਾਨ ਦੂਤਘਰ ਵਿੱਚ ਡਰਾਈਵਰ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਂਪੂ ਟਰੈਵਲਰ ਵਿੱਚ ਡਰਾਈਵਰ ਸਮੇਤ 7 ਲੋਕ ਸਵਾਰ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।