ਧੂਰੀ : ਅੱਜ ਕਿਸਾਨੀ ਸੰਘਰਸ਼ ਦਾ 40ਵਾਂ ਦਿਨ ਸ਼ੁਰੂ ਹੋ ਗਿਆ ਹੈ ਤੇ ਕਿਸਾਨਾਂ ਦੇ ਹੌਸਲੇ ਹੋਰ ਵੀ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਦਾ ਅੰਦਾਜਾ ਪਰਸੋਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਲਾਇਆ ਜਾ ਸਕਦਾ ਹੈ। ਇਹ ਗੱਲ ਧੂਰੀ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਧੂਰੀ ਦੇ ਯੂਥ ਵਿੰਗ ਦੇ ਪ੍ਰਧਾਨ ਸੰਦੀਪ ਸਿੰਗਲਾ ਨੇ ਕਹੀ।
ਹਰਪਾਲ ਚੀਮਾ ਨੇ ਕੇਂਦਰ ਸਰਕਾਰ 'ਤੇ ਵਾਰ ਕਰਦਿਆਂ ਕਿਹਾ ਕੇ ਹੁਣ ਤਾਂ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਦੇਣੀ ਚਾਹੀਦੀ ਹੈ ਜਦੋਂ ਕਿਸਾਨ ਹੀ ਇਨ੍ਹਾਂ ਕਾਨੂੰਨਾਂ ਸਵਿਕਾਰ ਕਰਨ ਲਈ ਤਿਆਰ ਨਹੀਂ ਹਨ ਤਾਂ ਸਰਕਾਰ ਉਨ੍ਹਾਂ ਉਪਰ ਇਹ ਕਾਨੂੰਨ ਕਿਉਂ ਥੋਪ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਇਸ ਸਬੰਧੀ ਆਰਡੀਨੈਂਸ ਲਾਗੂ ਕੀਤੇ ਗਏ ਹਨ ਓਦੋਂ ਤੋਂ ਹੀ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਇਨ੍ਹਾਂ ਦਾ ਵਿਰੋਧ ਕਰ ਰਹੀ ਹੈ ਤੇ ਕਿਸਾਨਾਂ ਦੇ ਝੰਡੇ ਥੱਲੇ ਉਨ੍ਹਾਂ ਦੇ ਨਾਲ ਖੜੀ ਹੈ ਤੇ ਸਾਡੇ ਸਾਰੇ ਵਲੰਟੀਅਰ ਦਿੱਲੀ ਵਿਖੇ ਹਨ ਅਤੇ ਲੰਗਰ ਦੀ ਲਗਾਤਾਰ ਸੇਵਾ ਚਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਉਥੇ ਵਾਈ-ਫਾਈ ਦਾ ਵਿਸ਼ੇਸ਼ ਤੌਰ 'ਤੇ ਇੰਤਜ਼ਾਮ ਕੀਤਾ ਹੈ ਤਾਂ ਕੇ ਕਿਸਾਨਾਂ ਨੂੰ ਘਰ ਗੱਲ ਕਰਨ ਅਤੇ ਬੱਚਿਆਂ ਨੂੰ ਜੋ ਇਸ ਸੰਘਰਸ਼ ਦਾ ਹਿੱਸਾ ਹਨ ਨੂੰ ਪੜ੍ਹਾਈ ਦੌਰਾਨ ਕਲਾਸ ਲਾਉਣ ਦੀ ਕੋਈ ਦਿੱਕਤ ਪੇਸ਼ ਨਾ ਆਵੇ ਤੇ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਪਰੇਡ ਗਰਾਉਂਡ ਦੇ ਵਿੱਚ ਵੀ ਉਨ੍ਹਾਂ ਦੇ ਨਾਲ ਹੀ ਰਹਾਂਗੇ।