ਸੰਗਰੂਰ: ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਦੇ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਕੋਰੋਨਾ ਨੂੰ ਲੈ ਕੇ ਕੀਤੇ ਪ੍ਰਬੰਧਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਪੰਜਾਬ ਵਿੱਚ ਢੰਗ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ, ਹਸਪਤਾਲਾਂ ਵਿੱਚੋਂ ਮਰੀਜ ਭੱਜ ਰਹੇ ਹਨ, ਉੁਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੋ ਰਹੀ, ਬੈਡਾਂ ਦੀ ਸਹੂਲਤਾਂ ਨਹੀਂ ਹੈ, ਕੋਈ ਪੁਖ਼ਤਾ ਇੰਤਜ਼ਾਮ ਨਹੀਂ ਹਨ। ਪੰਜਾਬ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿੱਚ ਕੋਰੋਨਾ ਪਾਜ਼ੀਟਿਵ ਆ ਰਹੇ ਹਨ।
ਪੰਜਾਬ ਦੇ ਡੀਜੀਪੀ ਨੂੰ ਜਵਾਨਾਂ ਦੀ ਵਧੇਰੇ ਜਾਂਚ ਕਰਵਾਉਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਕੋਰੋਨਾ 'ਤੇ ਕਿਵੇਂ ਨਿਜਾਤ ਪਾਈ ਜਾ ਸਕੇ ਤੇ ਪੰਜਾਬ ਸਰਕਾਰ ਨੂੰ ਦਿੱਲੀ ਮਾਡਲ ਅਪਣਾਉਣਾ ਚਾਹੀਦਾ ਹੈ।
ਉੱਥੇ ਹੀ ਚੀਮਾ ਨੇ ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ ਵਿੱਚ ਹੋਏ ਸ਼ਰਾਬ ਦੁਖਾਂਤ ਵਿੱਚ ਮਾਰੇ ਗਏ ਪਰਿਵਾਰਾਂ ਨੂੰ ਦਿੱਤੇ ਗਏ ਮੁਆਵਜ਼ੇ ਨੂੰ ਲੈ ਕੇ ਕਿਹਾ ਕਿ ਪਰਿਵਾਰਾਂ ਦਾ ਮੁਆਵਜ਼ਾ 20 ਤੋਂ ਲੱਖ ਤੋਂ ਵੱਧਾ ਕੇ 50 ਲੱਖ ਕਰ ਦੇਣਾ ਚਾਹੀਦਾ ਹੈ।
ਕੈਪਟਨ ਨੂੰ ਆਪਣੇ ਮੰਤਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਜੋ ਸ਼ਰਾਬ ਮਾਫੀਆ ਦੀ ਹਮਾਇਤ ਕਰ ਰਹੇ ਹਨ, ਉਥੋਂ ਦੇ ਲੋਕ ਚੀਕਾਂ ਮਾਰ ਰਹੇ ਹਨ, ਉਨ੍ਹਾਂ ਦੇ ਨਾਂਅ ਲੈ ਰਹੇ ਹਨ। ਸ਼ਰਾਬ ਮਾਫੀਆ ਪਟਿਆਲੇ ਤੋਂ ਚੱਲ ਰਿਹਾ ਹੈ, ਉਨ੍ਹਾਂ ਲੋਕਾਂ ਖਿਲਾਫ਼ 302 ਦਾ ਪਰਚਾ ਦਰਜ ਕੀਤਾ ਜਾਵੇ ਤੇ ਨਾਲ ਹੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਪਰਿਵਾਰਾਂ ਦਾ ਹਾਲ ਜ਼ਰੂਰ ਜਾਣਨਾ ਚਾਹੀਦਾ ਹੈ।