ਸੰਗਰੂਰ: ਦਸਵੀਂ ਓਪਨ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਆਪ ਵਿਧਾਇਕ ਵੱਲੋਂ ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨ੍ਹਾ ਪੇਪਰ ਲਏ ਦਸਵੀਂ ਵਿੱਚੋਂ ਪਾਸ ਕੀਤਾ ਜਾਵੇ ਤਾਂ ਕਿ ਉਹ 30 ਅਗਸਤ ਨੂੰ ਆਉਂਣ ਵਾਲੀ ਫੌਜ ਦੀ ਭਰਤੀ ਲਈ ਰਜਿਸਟ੍ਰੇਸ਼ਨ ਕਰਵਾ ਸਕਣ।
ਇਸ ਮੌਕੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਆਪ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ 31000 ਵਿਦਿਆਰਥੀ ਦਸਵੀਂ ਦਾ ਨਤੀਜਾ ਨਾ ਆਉਣ ਕਾਰਨ ਫੌਜ ਦੀ ਭਰਤੀ ਨਹੀਂ ਵੇਖ ਸਕਣਗੇ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਵਿਦਿਆਰਥੀਂਆਂ ਨੂੰ 30 ਅਗਸਤ ਤੋਂ ਪਹਿਲਾਂ ਪਾਸ ਕੀਤਾ ਜਾਵੇ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਫੌਜ ਦੀ 30 ਅਗਸਤ ਨੂੰ ਭਰਤੀ ਹੈ ਅਤੇ ਜੋ ਵਿਦਿਆਰਥੀ ਪੰਜਾਬ ਵਿੱਚ ਦਸਵੀਂ ਦੀ ਪੜ੍ਹਾਈ ਕਰ ਰਹੇ ਹਨ, ਉਹ ਇਸ ਭਰਤੀ ਵਿੱਚ ਭਾਗ ਲੈਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਨਤੀਜਾ ਅਜੇ ਤੱਕ ਨਹੀਂ ਆਇਆ, ਜਿਸ ਕਾਰਨ ਉਹ ਮੰਗ ਕਰ ਰਹੇ ਹਨ ਕਿ ਉਨ੍ਹਾ ਨੂੰ ਬਿਨ੍ਹਾ ਪੇਪਰ ਲਏ ਪਾਸ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਜੇਕਰ ਹੁਣ ਪੇਪਰ ਲਏ ਵੀ ਗਏ ਤਾਂ ਨਤੀਜਾ 30 ਅਗਸਤ ਤੋਂ ਬਾਅਦ ਹੀ ਆਵੇਗਾ, ਜਿਸ ਕਾਰਨ ਉਹ ਭਰਤੀ ਨਹੀਂ ਦੇਖ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ 30 ਅਗਸਤ ਤੋਂ ਪਹਿਲਾਂ ਨਤੀਜਾ ਨਹੀਂ ਆਇਆ ਤਾਂ 31,000 ਵਿਦਿਆਰਥੀ ਪੰਜਾਬ ਦੀਆਂ ਸੜਕਾਂ 'ਤੇ ਜਾਮ ਲਗਾ ਦੇਣਗੇ।
ਉੱਥੇ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਇਮਤਿਹਾਨ ਦਿੱਤੇ ਬਿਨ੍ਹਾ ਕਿਸੇ ਨੂੰ ਪਾਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਦਾਖਲਾ ਦੇ ਰਹੇ ਹਨ, ਜਦੋਂ ਕੋਰੋਨਾ ਠੀਕ ਹੋ ਜਾਵੇਗਾ ਤਾਂ ਦਸਵੀਂ ਦੀ ਓਪਨ ਦੀ ਪ੍ਰੀਖਿਆ ਲਈ ਜਾਏਗੀ।