ਸੰਗਰੂਰ: ਅੱਜ ਦੀ ਨਾਰੀ ਸਭ 'ਤੇ ਭਾਰੀ, ਨਾਰੀ ਸਸ਼ਕਤੀਕਰਨ ਦੀ ਇੱਕ ਅਨੋਖੀ ਮਿਸਾਲ ਹੈ ਸੰਗਰੂਰ ਦੀ ਰਹਿਣ ਵਾਲੀ ਕੁਲਦੀਪ ਕੌਰ, ਜੋ ਕਿ ਪਿਛਲੇ ਤਿੰਨ ਸਾਲ ਤੋਂ ਆਪਣੇ ਪਤੀ ਨਾਲ ਟਰਾਲਾ ਚੱਲਾ ਕੇ ਪਰਿਵਾਰ ਦਾ ਖ਼ਰਚਾ ਚੁੱਕ ਰਹੀ ਹੈ। ਕੁਲਦੀਪ ਕੌਰ ਦੀ ਮਿਹਨਤ 'ਤੇ ਜਜ਼ਬੇ ਨੂੰ ਵੇਖਦੇ ਹੋਏ ਹਿਮਾਚਲ ਸਰਕਾਰ ਵੱਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਜਾ ਚੁੱਕਿਆ ਹੈ।
ਕੁਲਦੀਪ ਕੌਰ ਨੇ ਦੱਸਿਆ ਕਿ ਘਰ ਦੇ ਮਾੜੇ ਹਾਲਾਤ ਹੋਣ ਦੇ ਚੱਲਦੇ ਉਸ ਨੇ ਆਪਣੇ ਪਤੀ ਦਾ ਸਾਥ ਦੇਣ ਦੇ ਲਈ ਟਰਾਲਾ ਚਲਾਉਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਤੀ ਆਰਾਮ ਕਰਦਾ ਹੈ ਤਾਂ ਉਹ ਟਰਾਲਾ ਚਲਾਉਂਦੀ ਹੈ ਅਤੇ ਜਦੋਂ ਉਹ ਆਰਾਮ ਕਰਦੀ ਹੈ ਤਾਂ ਉਸ ਦੇ ਪਤੀ ਟਰਾਲਾ ਚਲਾਉਂਦੇ ਹਨ।
ਹਿਮਾਚਲ ਸਰਕਾਰ ਵੱਲੋਂ ਕੁਲਦੀਪ ਕੌਰ ਨੂੰ ਪ੍ਰਸੰਸਾ ਪੱਤਰ ਦਿੱਤਾ ਜਾ ਚੁੱਕਿਆ ਹੈ, ਪਰ ਕੁਲਦੀਪ ਇਸ ਪ੍ਰਸ਼ੰਸਾ ਨਾਲ ਖੁਸ਼ ਨਹੀਂ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਅੱਜ ਸਿਸਟਮ ਦੇ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਪ੍ਰੇਸ਼ਾਨੀਆਂ ਆ ਰਹੀਆਂ ਹਨ। ਕੁਲਦੀਪ ਕੌਰ ਨੇ ਦੱਸਿਆ ਕਿ ਅੱਜ ਹਾਲਾਤ ਕੁਝ ਇਸ ਤਰ੍ਹਾਂ ਹਨ ਕਿ ਉਨ੍ਹਾਂ ਦਾ ਟਰਾਲਾ ਬੈਂਕ ਵੱਲੋਂ ਜ਼ਬਤ ਕਰ ਲਿਆ ਗਿਆ ਹੈ, ਕਿਉਂਕਿ ਉਨ੍ਹਾਂ ਨੇ ਇੱਕ ਮਹੀਨੇ ਦੀ ਕਿਸ਼ਤ ਨਹੀਂ ਭਰੀ ਹੈ। ਉਨ੍ਹਾਂ ਕਿਹਾ ਕਿ ਸੀਏਏ ਦੇ ਵਿਰੋਧ ਦੇ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬੰਦ ਦੇ ਦੌਰਾਨ ਵੀ ਬਹੁਤ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਦਾ ਟਰਾਲਾ ਲੰਬੇ ਸਮੇਂ ਤੱਕ ਬਿਨਾਂ ਕੰਮ ਤੋਂ ਖੜ੍ਹਾ ਰਿਹਾ ਜਿਸ ਕਰਕੇ ਉਨ੍ਹਾਂ ਤੋਂ ਕਿਸ਼ਤਾਂ ਪੂਰੀਆਂ ਕਰਨ ਦੇ ਲਈ ਵੀ ਕੰਮ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਿਲਾ ਦਿਵਸ ਦੇ ਨਾਲ ਕੋਈ ਲਗਾਵ ਨਹੀਂ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਉਹ ਮੁਸੀਬਤਾਂ ਤੋਂ ਜੂਝ ਰਹੀ ਹੈ ਪਰ ਇਹ ਦਿਵਸ ਸਰਕਾਰੀ ਤੌਰ 'ਤੇ ਜਾਂ ਫਿਰ ਇੱਕ ਮੰਚ 'ਤੇ ਬਣਾ ਲਿਆ ਜਾਂਦਾ ਹੈ ਪਰ ਕਿਸੇ ਗਰੀਬ ਦੀ ਮਦਦ ਲਈ ਕੋਈ ਵੀ ਸਾਹਮਣੇ ਨਹੀਂ ਆਉਂਦਾ।