ਮੁਹਾਲੀ: ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਜਿੱਤ ਤੋਂ ਬਾਅਦ ਭਾਵੇਂ ਕਾਂਗਰਸ ਆਪਣਾ ਮੇਅਰ ਬਨਾਉਣ ਜਾ ਰਹੀ ਹੈ ਪਰ ਅਗਲਾ ਮੇਅਰ ਕੌਣ ਹੋਵੇਗਾ? ਇਸ ਨੂੰ ਲੈ ਕੇ ਅਜੇ ਥੋੜਾ ਇੰਤਜ਼ਾਰ ਕਰਨਾ ਪਵੇਗਾ। ਰਾਜ ਸਰਕਾਰ ਵੱਲੋਂ ਮੇਅਰ ਚੋਣ ਨੂੰ ਲੈ ਕੇ ਅਜੇ ਕਿਸੇ ਵੀ ਤਰੀਕੇ ਦੀ ਸੂਚਨਾ ਜਾਰੀ ਨਹੀਂ ਕੀਤੀ ਗਈ ਅਤੇ ਇਹ ਸੂਚਨਾ ਜਾਰੀ ਹੋਣ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ਼ ਹੋ ਸਕੇਗੀ ਕੀ ਅਗਲਾ ਮੇਅਰ ਕੌਣ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਮਹਿਲਾ ਮੇਅਰ ਲਾਉਣ ਨੂੰ ਲੈ ਕੇ ਵੀ ਕੋਈ ਅਧਿਸੂਚਨਾ ਜਾਰੀ ਕਰ ਸਕਦੀ ਹੈ।
ਮੁਹਾਲੀ ਦੇ ਵਿੱਚ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਸਭ ਤੋਂ ਅੱਗੇ ਮੇਅਰ ਦੇ ਉਮੀਦਵਾਰ ਵਜੋਂ ਨਾਮ ਸਾਹਮਣੇ ਆ ਰਿਹਾ ਹੈ। ਮੁਹਾਲੀ ਨਗਰ ਨਿਗਮ ਦੇ ਵਿੱਚ 50 ਸੀਟਾਂ ਵਿੱਚੋਂ 37 ਸੀਟਾਂ ’ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਵੱਲੋਂ ਇਸ ਵੱਡੀ ਜਿੱਤ ਤੋਂ ਬਾਅਦ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੇ ਆਪਣੇ ਐੱਮ.ਸੀ. ਹੀ ਲਾਏ ਜਾਣਗੇ। ਪਰ ਉਹ ਕਿਹੜਾ ਉਮੀਦਵਾਰ ਹੋਵੇਗਾ ਇਹ ਸਭ ਕੁਝ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।
ਇੱਥੇ ਇਹ ਵੀ ਜਾਣਕਾਰੀ ਦੇ ਦਈਏ ਕਿ ਮੁਹਾਲੀ ਦੇ ਵਿੱਚ ਦੋ ਬੂਥਾਂ ’ਤੇ ਜਿੱਥੇ ਦੁਬਾਰਾ ਚੋਣ ਹੋਈ ਅਤੇ ਨਤੀਜੇ ਇਸ ਕਾਰਨ 18 ਫਰਵਰੀ ਨੂੰ ਐਲਾਨ ਕਰਨੇ ਪਏ ਉਸ ਬੂਥ ਤੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਚੋਣ ਲੜ ਰਹੇ ਸਨ ਅਤੇ ਉਸ ਵੇਲੇ ਵੀ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਬਿਆਨ ਆਇਆ ਸੀ ਕਿ ਮੇਰਾ ਭਰਾ ਮੇਅਰ ਨਾ ਬਣ ਜਾਵੇ ਇਸ ਕਰਕੇ ਵਿਰੋਧੀ ਘਬਰਾਹਟ ਦੇ ਵਿੱਚ ਇਹ ਸਭ ਕੁਝ ਕਰ ਰਹੇ ਹਨ।