ਮੁਹਾਲੀ: ਮੁਹਾਲੀ ਦੇ ਫੇਜ਼ 8 ਵਿੱਚ ਇੱਕ ਸੀਵਰੇਜ ਦੀ ਸਫਾਈ ਕਰਨ ਆਏ 2 ਲੋਕਾਂ ਦੀ ਗਟਰ ਦੇ ਵਿੱਚ ਡੁੱਬ ਜਾਣ ਦੇ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਨਾਮ ਦਾ ਸਫਾਈ ਕਰਮਚਾਰੀ ਗਟਰ ਵਿੱਚ ਸਫਾਈ ਲਈ ਗਿਆ ਸੀ ਜਿਸਦੀ ਦੀ ਗਟਰ ਦੇ ਵਿੱਚ ਡੁੱਬ ਜਾਣ ਦੇ ਕਾਰਨ ਮੌਤ ਹੋ ਗਈ ਓਧਰ ਦੂਜੇ ਪਾਸੇ ਉਸਦੀ ਜਾਨ ਬਚਾਉਣ ਲਈ ਉੱਤਰੇ ਗਗਨ ਨਾਮ ਦੇ ਸਫਾਈ ਕਰਮਚਾਰੀ ਦੀ ਵੀ ਡੁੱਬ ਜਾਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੋਵਾਂ ਦੇ ਡੁੱਬ ਜਾਣ ਨੂੰ ਲੈਕੇ ਮਾਲ ਦੀ ਉਸਾਰੀ ਕਰਵਾ ਰਿਹਾ ਠੇਕੇਦਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਪੁਲਿਸ ਵੀ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਫਾਈ ਕਰਮਚਾਰੀਆਂ ਦੀ ਸਹਾਇਤਾ ਦੇ ਨਾਲ ਦੋਵਾਂ ਮ੍ਰਿਤਕਾਂ ਨੂੰ ਮੁਸ਼ਕਿਲ ਬਾਅਦ ਬਾਹਰ ਕਢਵਾਇਆ। ਪੁਲਿਸ ਵੱਲੋਂ ਲਾਸ਼ਾਂ ਨੂੰ ਬਾਹਰ ਕਢਵਾਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼ 11 ਦਾ ਵਸਨੀਕ ਹਰਪਾਲ (ਉਮਰ 45 ਸਾਲ) ਨਾਮ ਦਾ ਸਫਾਈ ਕਰਮਚਾਰੀ, ਜੋ ਕਿਸੇ ਸਰਕਾਰੀ ਵਿਭਾਗ ਵਿੱਚ ਠੇਕੇ ਤੇ ਕੰਮ ਕਰਦਾ ਹੈ, ਇਸ ਬੰਦ ਹੋਏ ਸੀਵਰੇਜ ਦੀ ਸਫਾਈ ਲਈ ਉੱਥੇ ਪਹੁੰਚਿਆ ਸੀ ਅਤੇ ਸੀਵਰੇਜ ਦੇ ਗਟਰ ਦਾ ਢੱਕਣ ਖੋਲ੍ਹ ਕੇ ਹੇਠਾਂ ਉਤਰ ਗਿਆ ਸੀ। ਇਸ ਦੌਰਾਨ ਪਹਿਲਾਂ ਤਾਂ ਉਸ ਵਲੋਂ ਸਫਾਈ ਕਰਨ ਦੀਆਂ ਆਵਾਜਾਂ ਆਉਂਦੀਆਂ ਰਹੀਆਂ ਪਰੰਤੂ ਫਿਰ ਉਸਦੀ ਆਵਾਜ ਆਉਣੀ ਬੰਦ ਹੋ ਗਈ ਅਤੇ ਉੱਥੇ ਕੰਮ ਕਰਦੇ ਮਜਦੂਰ ਉਸਨੂੰ ਆਵਾਜਾਂ ਲਗਾਉਣ ਲੱਗ ਗਏ।
ਇਸ ਦੌਰਾਨ ਇਸੇ ਪ੍ਰੋਜੈਕਟ ਵਿੱਚ ਕੰਮ ਕਰਨ ਵਾਲਾ ਗਗਨ ਨਾਮ ਦਾ ਇੱਕ ਮਿਸਤਰੀ, ਜੋ ਬਿਹਾਰ ਦਾ ਵਸਨੀਕ ਦੱਸਿਆ ਗਿਆ ਹੈ, ਰੱਸੀ ਲੈ ਕੇ ਹੇਠਾਂ ਉਤਰਿਆ ਅਤੇ ਉਸਨੇ ਹਰਪਾਲ ਨੂੰ ਰੱਸੀ ਬੰਨ੍ਹ ਕੇ ਉਸਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਦੌਰਾਨ ਉਸਦਾ ਪੈਰ ਤਿਲ੍ਹਕ ਗਿਆ ਅਤੇ ਉਹ ਸੀਵਰੇਜ ਵਿੱਚ ਜਾ ਡਿੱਗਿਆ ਅਤੇ ਸੀਵਰੇਜ ਵਿੱਚ ਡੁੱਬ ਜਾਣ ਕਾਰਨ ਉਸਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸਾਧੂਆਂ ਦੇ ਨਪੁੰਸਕ ਮਾਮਲੇ ਵਿੱਚ ਅੰਤਿਮ ਬਹਿਸ 1 ਸਤੰਬਰ ਨੂੰ ਹੋਵੇਗੀ:ਹਾਈ ਕੋਰਟ