ਮੋਹਾਲੀ : ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਆਪਣਾ ਗੋਲਡਨ ਜੁਬਲੀ ਵਰ੍ਹਾ ਵਿਭਾਗ ਦੀ ਵੈਲਫ਼ੇਅਰ ਤੇ ਸਪੋਰਟਸ ਸੁਸਾਇਟੀ ਦੇ ਸਹਿਯੋਗ ਨਾਲ ਮੋਹਾਲੀ ਕੰਪਲੈਕਸ ਵਿਖੇ ਉਤਾਸ਼ਾਹ ਨਾਲ ਮਨਾਇਆ ਗਿਆ। ਇਸ ਵਿੱਚ ਵਿਭਾਗੀ ਅਫ਼ਸਰਾਂ ਤੇ ਕਰਮਚਾਰੀਆਂ ਦੇ ਵੱਖ-ਵੱਖ ਖੇਡ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ ਤੇ ਤਕਨੀਕੀ ਵਰਕਸ਼ਾਪ ਕਰਵਾਈ ਗਈ।
ਪਹਿਲੇ ਦਿਨ ਖੇਡ ਮੇਲੇ ਦੀ ਸ਼ੁਰੂਆਤ ਸਕੱਤਰ ਖੇਤੀਬਾੜੀ ਤੇ ਡਾਇਰੈਕਟਰ ਤੰਦਰੁਸ਼ਤ ਮਿਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਨੇ ਕੀਤੀ।
ਇਸ ਮੌਕੇ ਪੰਨੂੰ ਨੇ ਕਿਹਾ ਕਿ ਵਿਭਾਗ ਨੇ ਜਿੱਥੇ ਆਪਣੇ 50 ਸਾਲਾ ਦੇ ਸਫ਼ਰ ਦੌਰਾਨ ਕੁਦਰਤੀ ਸੋਮਿਆਂ ਭੂਮੀ ਤੇ ਜਲ ਦੀ ਸਾਂਭ-ਸੰਭਾਲ ਤੇ ਸੁਚੱਜੀ ਵਰਤੋਂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉੱਥੇ ਹੀ ਇਸ ਮੌਕੇ ਖੇਡਾਂ ਕਰਵਾ ਕੇ ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਹੋਰ ਵਿਭਾਗ ਵੀ ਇਸ ਤੋਂ ਸੇਧ ਲੈਣਗੇ।
ਇਸ ਮੌਕੇ ਕਰਵਾਏ ਵੱਖ-ਵੱਖ ਖੇਡ ਮੁਕਾਬਲਿਆਂ ਵਾਲੀਬਾਲ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜੇਤੂ ਰਹੀ, ਜਦੋ ਕਿ ਬੈਡਮਿੰਟਨ (ਸਿੰਗਲਜ਼) ਪੁਰਸ਼ ਵਿੱਚ ਗੁਰਸ਼ੇਦ ਸਿੰਘ ਤੇ ਇਸਤਰੀ ਸਿੰਗਲਜ਼ ਵਿੱਚ ਨੀਤੂ ਮਿਨਹਾਸ, ਬੈਡਮਿੰਟਨ (ਡਬਲਜ਼) ਹੇਮੰਤ ਜਾਸੂਜਾ ਤੇ ਰਾਜੀਵ ਨਰੂਲਾ, ਟੇਬਲ ਟੈਨਿਸ (ਸਿੰਗਲਜ਼) ਵਿੱਚ ਚਰਨਜੀਤ ਸਿੰਘ, ਟੇਬਲ ਟੈਨਿਸ (ਡਬਲਜ਼) ਗੌਰਵ ਤੇ ਸਵੈਜੀਤ ਸਿੰਘ ਬਰਾੜ, ਚੈੱਸ ਰਾਜੀਵ ਸ਼ਰਮਾ, ਕੈਰਮ (ਪੁਰਸ਼) ਸਵੈਜੀਤ ਸਿੰਘ ਬਰਾੜ ਤੇ ਇਸਤਰੀ ਵਿੱਚ ਹਰਮਨਪ੍ਰੀਤ ਕੌਰ, ਫੁੱਟਬਾਲ ਪੈਨਲਟੀ ਸ਼ੂਟ ਪੁਰਸ਼ ਵਿੱਚ ਨੀਲ ਕਰਨ ਤੇ ਇਸਤਰੀ ਵਿੱਚ ਨੀਤੂ ਮਿਨਹਾਸ, ਮਿਊਜ਼ੀਕਲ ਚੇਅਰ ਪੁਰਸ਼ ਵਿੱਚ ਰਵਿੰਦਰਪਾਲ ਸਿੰਘ ਤੇ ਇਸਤਰੀ ਵਿੱਚ ਸੀਮਾ ਗੋਇਲ, ਲੈਮਨ ਰੇਸ ਪੁਰਸ਼ ਵਿੱਚ ਸ੍ਰੀ ਪਾਲ ਤੇ ਇਸਤਰੀ ਵਿੱਚ ਨਿੰਦਰ ਕੌਰ, ਸੈਕ ਰੇਸ ਪਰਵਿੰਦਰ ਸਿੰਘ, ਰੱਸਾ ਕੱਸੀ ਮੁਕਾਬਲੇ ਵਿੱਚ ਸਿਖਲਾਈ ਸੰਸਥਾ ਮੋਹਾਲੀ ਦੀ ਟੀਮ ਜੇਤੂ ਰਹੀ।
ਪਹਿਲੇ ਦਿਨ ਸ਼ਾਮ ਨੂੰ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਮਿਸ਼ਨਰ ਖੇਤੀਬਾੜੀ ਬਲਵਿੰਦਰ ਸਿੰਘ ਸਿੱਧੂ ਤੇ ਸੰਯੁਕਤ ਸਕੱਤਰ ਖੇਤੀਬਾੜੀ ਰਾਹੁਲ ਗੁਪਤਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਵਿਭਾਗ ਦੇ ਕਰਮਚਾਰੀ ਚਰਨ ਸਿੰਘ, ਹਰਮਨਪ੍ਰੀਤ ਕੌਰ, ਸੁਮੇਰ ਸਿੰਘ ਤੇ ਅੰਕਿਤ ਨੇ ਆਪਣੀ ਗਾਇਕੀ ਰਾਹੀਂ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਵੱਖ-ਵੱਖ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।