ਮੁਹਾਲੀ: ਪੰਜਾਬ ਸਰਕਾਰ ਜਿੱਥੇ ਕਿਸਾਨਾਂ ਲਈ ਕੀਤੇ ਇਤਿਹਾਸਕ ਕੰਮਾਂ ਲਈ ਖੁੱਦ ਦੇ ਸੋਹਲੇ ਗਾ ਰਹੀ ਹੈ ਉੱਥੇ ਹੀ ਸੂਬੇ ਵਿੱਚ ਕਿਸਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਵੀ ਨਜ਼ਰ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਸੂਬੇ ਵਿੱਚ ਮੱਕੀ ਅਤੇ ਮੂੰਗੀ ਦੀ ਫ਼ਸਲ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫ਼ਤਰ ਵੱਲ ਅਰਥੀ ਫੂਕ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਤਹਿਤ ਮੋਰਚੇ ਨਾਲ ਸਬੰਧਤ 33 ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ 27 ਜੂਨ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਅਰਥੀ ਫੂਕ ਮੁਜ਼ਾਹਰੇ ਲਈ ਚੰਡੀਗੜ੍ਹ ਵੱਲ ਕੂਚ ਕਰਨ ਲਈ ਤਿਆਰੀ ਵਿੱਢ ਚੁੱਕੇ ਨੇ।
ਸੂਬਾ ਸਰਕਾਰ ਦੇ ਵਾਅਦਿਆਂ ਤੋਂ ਖ਼ਫਾ ਕਿਸਾਨ: ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਵਾਰ-ਵਾਰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਆਖਦੀ ਹੈ ਅਤੇ ਵੱਡੇ-ਵੱਡੇ ਦਾਅਵੇ ਕਰਕੇ ਕਹਿੰਦੀ ਹੈ ਕਿ ਮੂੰਗੀ ਅਤੇ ਮੱਕੀ ਦੀ ਫਸਲ ਬੀਜੋ ਫਸਲ ਦਾ ਇੱਕ-ਇੱਕ ਦਾਣਾ ਐੱਮਐੱਸਪੀ ਨਿਰਧਾਰਿਤ ਕਰਕੇ ਖਰੀਦਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਫਸਲ ਮੰਡੀ ਲੈਕੇ ਪਹੁੰਚੇ ਤਾਂ ਸਭ ਕੁੱਝ ਇਸ ਦੇ ਉਲਟ ਵਾਪਰਿਆ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪਹਿਲਾਂ ਤਾਂ ਕੋਈ ਸਰਕਾਰ ਖਰੀਦ ਏਜੰਸੀ ਪਹੁੰਚੀ ਹੀ ਨਹੀਂ। ਇਸ ਤੋਂ ਬਾਅਦ ਵਪਾਰੀਆਂ ਨੇ ਮਨ ਆਈਆਂ ਕੀਤੀਆਂ ਅਤੇ ਪੂਰੀ ਤਰ੍ਹਾਂ ਕਿਸਾਨਾਂ ਦਾ ਖੂਨ ਚੂਸਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਮੱਕੀ ਅਤੇ ਮੂੰਗੀ ਦੀ ਖਰੀਦ ਸਮੇਂ ਫਸਲ ਦੀ ਬੇਕਦਰੀ ਹੋਈ ਹੈ ਅਤੇ ਖਰੀਦ ਉੱਸ ਪੱਧਰ ਉੱਤੇ ਹੋਈ ਕਿ ਕਿਸਾਨਾਂ ਨੂੰ ਲਾਗਤ ਮੁੱਲ ਵੀ ਵਾਪਿਸ ਨਹੀਂ ਮਿਲਿਆ।
- Tomato Prices: ਲਾਲ ਟਮਾਟਰਾਂ ਨੇ ਉਡਾਏ ਲੋਕਾਂ ਦੇ ਰੰਗ, ਮਾਨਸੂਨ ਨੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ
- ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਕੀਤਾ ਮੁਕੰਮਲ ਚੱਕਾ ਜਾਮ, ਸੂਬੇ ਭਰ 'ਚ ਬੱਸ ਸੇਵਾ ਹੋਈ ਪ੍ਰਭਾਵਿਤ, ਜਾਣੋ ਕਾਰਣ
- Weather Update : ਇਨ੍ਹਾਂ ਸੂਬਿਆਂ 'ਚ ਪਹੁੰਚਿਆ ਮਾਨਸੂਨ, ਹਰਿਆਣਾ ਤੇ ਪੰਜਾਬ 'ਚ ਪਵੇਗਾ ਮੀਂਹ
ਸੂਬਾ ਪੱਧਰੀ ਪ੍ਰਦਰਸ਼ਨ: ਕਿਸਾਨ ਆਗੂਆਂ ਨੇ ਵੱਡੇ ਇਲਜ਼ਾਮ ਲਾਉਂਦਿਆਂ ਆਖਿਆ ਕਿ ਮੰਡੀਆਂ ਵਿੱਚ ਵਪਾਰੀਆਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਨਾਜ ਅਨਲੋਡਿੰਗ ਪੁਆਇੰਟਾਂ ’ਤੇ ਕਬਜ਼ਾ ਕਰ ਲਿਆ ਹੈ। ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਉਨ੍ਹਾਂ ਦੀਆਂ ਟਰਾਲੀਆਂ ਵਿੱਚ ਖਰਾਬ ਹੋ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੱਕੀ ਅਤੇ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀ ਜਾਵੇ ਤਾਂ ਜੋ ਵਪਾਰੀਆਂ ਹੱਥੋਂ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਇਸ ਵਾਰ ਵੀ ਉਨ੍ਹਾਂ ਨੂੰ ਮਿੱਠੀਆਂ ਗੋਲੀਆਂ ਅਤੇ ਲਾਅਰੇ ਦੇਕੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੂਬਾ ਪੱਧਰੀ ਪ੍ਰਦਰਸ਼ਨ ਉਲੀਕਣਗੇ।