ਮੋਹਾਲੀ: ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੇ ਸਹਿਯੋਗ ਨਾਲ ‘ਫ਼ਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ‘ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਮੁਹਾਲੀ ਦੇ ਡਿਪਟੀ ਡਾਇਰੈਕਟਰ ਡਾ.ਯਸ਼ਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਦੇ ਵਾਤਾਵਰਣ ਉੱਤੇ ਪੈਣ ਵਾਲੇ ਖਤਰਨਾਕ ਪ੍ਰਭਾਵਾਂ, ਮਿੱਟੀ ਦੀ ਸਿਹਤ ਤੇ ਇਸ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ।
ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਖੇਤੀਬਾੜੀ ਮਾਹਿਰ ਡਾ. ਪ੍ਰਿਅੰਕਾ ਸੂਰਯਵੰਸ਼ੀ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀ ਰਵਾਇਤ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਸਮੱਸਿਆ ਸਾਬਤ ਹੋ ਰਹੀ ਹੈ ਅਤੇ ਨਾਲ ਹੀ ਸਾਹ ਸੰਬੰਧੀ ਕਈ ਪ੍ਰੇਸ਼ਾਨੀਆਂ ਵੀ ਪੈਦਾ ਕਰ ਰਹੀ ਹੈ। ਇਸ ਸੈਮੀਨਾਰ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਮਨੀਸ਼ ਅਤੇ ਡਾ. ਸ਼ਸ਼ੀ ਪਾਲ ਵੀ ਮੌਜੂਦ ਰਹੇ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਦਲਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਤੀਬਾੜੀ ਭਲਾਈ ਦੇ ਰਾਜਦੂਤ ਬਣਨ ਲਈ ਪ੍ਰੇਰਤਿ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਪ੍ਰਵਿਰਤੀ ਤੋਂ ਬਚਣ ਲਈ ਪ੍ਰੇਰਿਆ।
ਇਹ ਵੀ ਪੜ੍ਹੋ: ਕਾਂਗਰਸ ਸ਼ਿਵ ਸੈਨਾ ਨੂੰ ਸਮਰਥਨ ਦੇਵੇਗੀ: ਸੂਤਰ
ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਦੇ ਲਗਭਗ 350 ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਇਸ ਮੌਕੇ ਕਰਵਾਏ ਗਏ ਇੱਕ ਭਾਸ਼ਣ ਮੁਕਾਬਲੇ ਵਿੱਚ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਯੂਨੀਵਰਸਿਟੀ ਸਕੂਲ ਆਫ ਐਗਰੀਕਲਚਰ ਸਾਇੰਸਜ਼ ਦੇ ਮੁਖੀ ਪ੍ਰੋਫੈਸਰ ਅਮਿਤ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।