ਮੋਹਾਲੀ: ਸ਼ਹਿਰ ਦੇ ਕੁੰਭੜਾ ਇਲਾਕੇ ਵਿੱਚ ਦੋ ਮਹੀਨੇ ਪਹਿਲਾਂ ਵਾਪਰੀ ਰੇਪ ਦੀ ਘਟਨਾ ਵਿੱਚ ਲੜਕੀ ਨੇ ਪੁਲਿਸ ਉੱਤੇ ਕਾਰਵਾਈ ਨਹੀਂ ਕਰਨ ਦੇ ਇਲਜ਼ਾਮ ਲਾਏ ਹਨ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਕਿਰਾਏ ਦਾ ਮਕਾਨ ਦੇਖਣ ਲਈ ਗਈ ਸੀ ਤੇ ਮਕਾਨ ਦਿਖਾਉਣ ਦੇ ਬਹਾਨੇ ਲੜਕੀ ਨਾਲ ਰੇਪ ਕੀਤਾ ਗਿਆ ਹੈ। ਲੜਕੀ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਵਲੋਂ ਢਿੱਲ੍ਹ ਵਰਤੀ ਜਾ ਰਹੀ ਹੈ।
ਸ਼ਿਕਾਇਤ ਕਰਨ ਵਾਲੀ ਲੜਕੀ ਨੇ ਕਿਹਾ ਹੈ ਕਿ ਉਸਨੇ ਮੋਹਾਲੀ ਦੇ ਥਾਣਾ ਫੇਜ-8 ਵਿੱਚ ਕੁੰਭੜਾ ਦੇ ਹੀ ਗੌਰਵ ਨਾਂ ਦੇ ਵਿਅਕਤੀ ਖਿਲਾਫ 10 ਨਵੰਬਰ 2022 ਨੂੰ ਸ਼ਿਕਾਇਤ ਦਿੱਤੀ ਸੀ ਤੇ ਪੁਲਿਸ ਨੇ ਧਾਰਾ 376, 506 ਤਹਿਤ ਮਾਮਲਾ ਵੀ ਦਰਜ ਕੀਤਾ ਸੀ। ਪੁਲਿਸ ਨੇ ਐਫਆਈਆਰ ਤਾਂ ਦਰਜ ਕਰ ਲਈ ਪਰ ਮੁਲਜ਼ਮ ਨੂੰ ਫੜਿਆ ਨਹੀਂ ਜਾ ਰਿਹਾ। ਲੜਕੀ ਨੇ ਪੁਲਿਸ ਉੱਤੇ ਇਸ ਮਾਮਲੇ ਵਿਚ ਸਖਤੀ ਨਾਲ ਕਾਰਵਾਈ ਨਾ ਕਰਨ ਦੇ ਇਲਜਾਮ ਲਾਏ ਹਨ।
ਇਹ ਵੀ ਪੜ੍ਹੋ:ਤਰਨਤਾਰਨ ਵਿੱਚ ਨਸ਼ੇ ਨਾਲ ਹੋਈ ਸੀ 16 ਸਾਲ ਦੇ ਮੁੰਡੇ ਦੀ ਮੌਤ, ਪੁਲਿਸ ਨੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ
ਸਰੇਆਮ ਘੁੰਮ ਰਿਹਾ ਹੈ ਮੁਲਜ਼ਮ: ਪੀੜਤ ਲੜਕੀ ਨੇ ਇਲਜ਼ਾਮ ਲਾਇਆ ਹੈ ਕਿ ਦੋ ਮਹੀਨੇ ਤੋਂ ਮਾਮਲਾ ਦਰਜ ਹੋਣ ਦੇ ਬਾਵਜੂਦ ਮੁਲਜ਼ਮ ਕੁੰਭੜਾ ਵਿੱਚ ਹੀ ਸਰੇਆਮ ਘੁੰਮ ਰਿਹਾ ਹੈ। ਮੁਲਜ਼ਮ ਵਿਅਕਤੀ ਕੁੰਭੜਾ ਵਿੱਚ ਪੀਜੀ ਦਾ ਕੰਮ ਕਰਦਾ ਹੈ। ਇਹੀ ਨਹੀਂ ਪੁਲਿਸ ਉਸਨੂੰ ਗ੍ਰਿਫਤਾਰ ਵੀ ਨਹੀਂ ਕਰ ਰਹੀ ਸਗੋਂ ਉਹ ਧਮਕੀਆਂ ਦੇ ਰਿਹਾ ਹੈ। ਉਸਦੀਆਂ ਧਮਕੀਆਂ ਕਾਰਨ ਲੜਕੀ ਨੂੰ ਵਾਰ ਵਾਰ ਪੀਜੀ ਬਦਲਣਾ ਪੈ ਰਿਹਾ ਹੈ। ਉਸਨੇ ਆਪਣਾ ਨੰਬਰ ਵੀ ਬਦਲ ਲਿਆ ਹੈ।
ਖੁਦਕੁਸ਼ੀ ਕਰਨ ਦੀ ਚੇਤਾਵਨੀ: ਪੀੜਤ ਲੜਕੀ ਨੇ ਕਿਹਾ ਹੈ ਕਿ ਉਹ ਕਈ ਵਾਰ ਮੋਹਾਲੀ ਦੇ ਐਸਐਸਪੀ ਅਤੇ ਐਸਪੀ ਸਿਟੀ ਨੂੰ ਮਿਲ ਕੇ ਸਾਰੀ ਕਹਾਣੀ ਦੱਸ ਚੁੱਕੀ ਹੈ। ਪਰ ਉਸਦੀ ਸੁਣਵਾਈ ਨਹੀਂ ਹੋ ਰਹੀ। ਪੀੜਤ ਲੜਕੀ ਨੇ ਪੰਜਾਬ ਦੇ ਸੀਐਮ ਤੇ ਡੀਜੀਪੀ ਨੂੰ ਵੀ ਟਵੀਟ ਕਰਕੇ ਇਨਸਾਫ ਦੀ ਮੰਗ ਕੀਤੀ ਪਰ ਉਸਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਦੂਜੇ ਪਾਸੇ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬਲ ਨੇ ਕਿਹਾ ਕਿ ਮੁਲਜ਼ਮ ਨੂੰ ਫੜਨ ਲਈ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ, ਮੁਲਜ਼ਮ ਛੇਤੀ ਕਾਬੂ ਕਰ ਲਿਆ ਜਾਵੇਗਾ।