ਮੋਹਾਲੀ : ਨਗਰ ਨਿਗਮ ਮੋਹਾਲੀ ਦੀ ਵਿੱਤ ਤੇ ਠੇਕਾ ਕਮੇਟੀ ਦੀ ਇੱਥੇ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਕੰਮਾਂ ਨਾਲ ਸੰਬੰਧਿਤ 20 ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਗਏ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਸੈਕਟਰ 76 ਤੋਂ 80 ਦੇ ਹਰੇਕ ਸੈਕਟਰ ਵਿੱਚ ਇਕ-ਇਕ ਓਪਨ ਏਅਰ ਜਿੰਮ ਲਗਾਉਣ, ਸਨਅਤੀ ਖੇਤਰ ਫੇਜ਼ 8 ਏ ਤੇ 8 ਬੀ ਦੇ ਵਿਕਾਸ ਵਾਸਤੇ 7 ਕਰੋੜ ਰੁਪਏ ਖਰਚਣ, ਰੋਜ ਗਾਰਡਨ ਵਿੱਚ ਇੱਕ ਹੋਰ ਪਿਸ਼ਾਬਘਰ ਦੀ ਉਸਾਰੀ ਕਰਵਾਉਣ ਅਤੇ ਨਗਰ ਨਿਗਮ ਵਿਚ ਵੀਡੀਓ ਕਾਨਫਰੰਸਿੰਗ ਰੂਮ ਬਣਾਊਣ ਦਾ ਮਤਾ ਵੀ ਸ਼ਾਮਿਲ ਹੈ।
ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮੇਟੀ ਮੈਂਬਰ ਜਸਬੀਰ ਸਿੰਘ ਮਣਕੂ, ਅਨੁਰਾਧਾ ਆਨੰਦ, ਕਮਿਸ਼ਨਰ ਕਮਲ ਗਰਗ ਹਾਜ਼ਰ ਸਨ। ਇਸਤੋਂ ਇਲਾਵਾ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਮੁੱਖ ਤੌਰ 'ਤੇ ਸੜਕਾਂ ਦੀ ਮੁਰੰਮਤ ਅਤੇ ਨਵੀਂ ਪ੍ਰੀਮਿਕਸ ਪਾਉਣ, ਪੇਵਰ ਲਗਾਉਣ ਸਮੇਤ ਸਟਰੀਟ ਲਾਈਟਾਂ ਨਾਲ ਸੰਬੰਧਤ ਅਤੇ ਹਾਰਟੀਕਲਚਰ ਨਾਲ ਸਬੰਧਿਤ ਕਈ ਮਤੇ ਪਾਸ ਕੀਤੇ ਗਏ ਹਨ। ਸੜਕ ਸੁਰੱਖਿਆ ਨੂੰ ਪੂਰਨ ਤਵੱਜੋ ਦਿੰਦੇ ਹੋਏ ਸੜਕਾਂ ਉੱਤੇ ਸਪੀਡ ਬਰੇਕਰ ਅਤੇ ਟਰੈਫਿਕ ਲਾਈਨਾਂ ਲਗਾਈਆਂ ਜਾਣਗੀਆਂ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਵਿਚ ਕਿਸੇ ਵੀ ਵਾਰਡ ਨਾਲ ਵਿਤਕਰਾ ਨਹੀਂ ਕੀਤਾ ਗਿਆ ਹੈ ਅਤੇ ਮੀਟਿੰਗ ਵਿੱਚ ਪਾਸ ਕੀਤੇ ਗਏ ਇਹਨਾਂ ਸਾਰੇ ਕੰਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੋਈ ਰਾਜਨੀਤੀ ਨਹੀਂ ਹੋਵੇਗੀ ਅਤੇ ਸਮੂਹ ਕੌਂਸਲਰਾਂ ਨੂੰ ਇਹ ਤਸੱਲੀ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੀ ਹੈ, ਜਿਸ ਨੂੰ ਪੂਰੀ ਤਨਦੇਹੀ ਨਾਲ ਅਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇੱਥੇ ਇਹ ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਥਾਨਕ ਸਰਕਾਰ ਵਿਭਾਗ ਦੇ ਇੱਕ ਪੱਤਰ ਦਾ ਹਵਾਲਾ ਦਿੰਦਿਆਂ ਇਹ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਵੱਲੋਂ ਨਿਗਮਾਂ ਦੀਆਂ ਵਿੱਤ ਅਤੇ ਠੇਕਾ ਕਮੇਟੀ ਦੀਆਂ ਤਾਕਤਾਂ ਖਤਮ ਕਰ ਦਿੱਤੀਆਂ ਹਨ ਅਤੇ ਇਹ ਕਮੇਟੀ ਹੁਣ ਕੋਈ ਮਤਾ ਪਾਸ ਨਹੀਂ ਕਰ ਸਕੇਗੀ। ਪਰੰਤੂ ਵਿਰੋਧੀ ਧਿਰ ਦੇ ਇਸ ਇਲਜਾਮ ਦੇ ਜਵਾਬ ਵਿੱਚ ਅਗਲੇ ਦਿਨ ਮੇਅਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਵਿਰੋਧੀ ਧਿਰ ਝੂਠ ਬੋਲ ਕੇ ਸ਼ਹਿਰ ਵਾਸੀਆ ਨੂੰ ਗੁੰਮਰਾਹ ਕਰ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ ਬੀਜੇਪੀ 'ਚ ਘਮਾਸਾਣ, ਜੋਸ਼ੀ ਨੇ ਆਪਣੇ ਪ੍ਰਧਾਨ ਨੂੰ ਹੀ ਕੀਤੇ ਇਹ ਸਵਾਲ
ਉਹਨਾਂ ਕਿਹਾ ਸੀ ਕਿ ਵਿੱਤ ਤੇ ਠੇਕਾ ਕਮੇਟੀ ਪਹਿਲਾਂ ਵਾਗ ਨਿਯਮਾਂ ਅਨੁਸਾਰ ਕੰਮ ਕਰਦੀ ਰਹੇਗੀ ਅਤੇ ਉਹ ਛੇਤੀ ਹੀ ਇਸ ਦੀ ਮੀਟਿੰਗ ਵੀ ਸੱਦਣਗੇ ਅਤੇ ਮਤੇ ਵੀ ਪਾਸ ਕਰਣਗੇ। ਅੱਜ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲਗਭਗ 20 ਕਰੋੜ ਰੁਪਏ ਦੇ ਮਤੇ ਪਾਸ ਕਰਕੇ ਮੇਅਰ ਵੱਲੋਂ ਜਿੱਥੇ ਆਪਣੀ ਗੱਲ 'ਤੇ ਮੋਹਰ ਲਗਾ ਦਿੱਤੀ ਗਈ ਹੈ ਉੱਥੇ ਵਿਰੋਧੀ ਧਿਰ ਦੇ ਦਾਅਵੇ ਨੂੰ ਵੀ ਪੁਰੀ ਤਰ੍ਹਾਂ ਖਾਰਿਜ ਕਰ ਦਿੱਤਾ ਗਿਆ ਹੈ।