ਮੁਹਾਲੀ: ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਅਤੇ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ (Vineet Verma) ਨੇ ਕਿਹਾ ਹੈ ਕਿ ਮੁਹਾਲੀ ਦੁਨੀਆਂ ਦਾ ਪਹਿਲਾ ਸ਼ਹਿਰ ਹੈ, ਜਿਸ ਕੋਲ ਉਸਦਾ ਆਪਣਾ ਬੱਸ ਅੱਡਾ ਨਹੀਂ ਹੈ ਅਤੇ ਅਜਿਹਾ ਪਿਛਲੀ ਅਤੇ ਮੌਜੂਦਾ ਸਰਕਾਰ ਅਤੇ ਹਲਕਾ ਵਿਧਾਇਕ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੋਇਆ ਹੈ, ਜਿਨ੍ਹਾਂ ਵਲੋਂ ਪਹਿਲਾਂ ਫੇਜ਼ 8 ਵਿੱਚ ਵਧੀਆ ਤਰੀਕੇ ਨਾਲ ਕੰਮ ਕਰਦੇ ਬਸ ਅੱਡੇ (Bus stop) ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਫਿਰ 100 ਕਰੋੜ ਰੁਪਏ ਖਰਚ ਕੇ ਫੇਜ਼ 6 ਵਿੱਚ ਬਣਾਏ ਏ ਸੀ ਬਸ ਅੱਡੇ ਨੂੰ ਵੀ ਬਰਬਾਦ ਕਰ ਦਿੱਤਾ ਹੈ ਅਤੇ ਮੁਹਾਲੀ ਵਾਸੀ ਬੱਸ ਅੱਡੇ ਦੀ ਸਹੂਲਤ ਨੂੰ ਤਰਸ ਰਹੇ ਹਨ।
ਵਿਨੀਤ ਵਰਮਾ ਨੇ ਕਿਹਾ ਕਿ ਇਸ ਬੱਸ ਅੱਡੇ ਨੂੰ ਏ ਸੀ ਬੱਸ ਅੱਡਾ ਕਿਹਾ ਜਾਂਦਾ ਹੈ, ਪਰ ਇੱਥੇ ਬਿਜਲੀ (Electricity) ਹੀ ਨਹੀਂ ਹੈ, ਕਿਉਂਕਿ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਦਾ ਕੁਨੈਕਸ਼ਨ (Connection) ਕੱਟਿਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਪੀਣ ਵਾਲੇ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈ ਅਤੇ ਲੋਕਾਂ ਲਈ ਹੋਰ ਕੋਈ ਸਹੂਲਤ ਨਹੀਂ ਮਿਲਦੀ। ਬੱਸ ਅੱਡੇ ਦੀਆਂ ਅੰਦਰੂਨੀ ਦੀਵਾਰਾਂ ਖਰਾਬ ਹੋ ਰਹੀਆਂ ਹਨ ਅਤੇ ਉੱਥੇ ਭਾਰੀ ਮਾਤਰਾ ਵਿੱਚ ਬਰਸਾਤੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਭਾਰੀ ਮੱਛਰ ਪੈਦਾ ਹੋ ਰਿਹਾ ਹੈ।
ਬੱਸ ਤਾਂ ਕੀ ਉਥੇ ਤਾਂ ਟੈਂਪੂ ਵੀ ਨਹੀਂ ਆਉਂਦੇ
ਪੱਤਰਕਾਰਾਂ ਨੂੰ ਬਸ ਅੱਡੇ ਦੀ ਮਾੜੀ ਹਾਲਤ ਵਿਖਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਵਿੱਚ ਕਿਸੇ ਬੱਸ ਨੇ ਤਾਂ ਕੀ ਆਉਣਾ ਸੀ, ਕੋਈ ਟੈਂਪੂ ਵੀ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਸਮੇਂ ਇਸ ਬੱਸ ਅੱਡੇ ਨੂੰ ਮੁਕੰਮਲ ਹੋਣ ਤੋਂ ਪਹਿਲਾਂ ਹੀ ਇਸਦਾ ਉਦਘਾਟਨ ਕਰ ਦਿੱਤਾ ਗਿਆ ਪਰ ਫਿਰ ਸੂਬੇ ਵਿੱਚ ਕਾਂਗਰਸ ਸਰਕਾਰ ਆਂਉਣ ਤੋਂ ਬਾਅਦ ਇੱਥੇ ਬੱਸਾਂ ਦਾ ਆਉਣਾ ਜਾਣਾ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਫਿਰ ਬੱਸਾਂ ਫੇਜ 8 ਵਿੱਚ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਸੜਕ ਤੋਂ ਚਲ ਰਹੀਆਂ ਹਨ ਅਤੇ ਟਰਾਂਸਪੋਰਟ ਮੰਤਰੀ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਫੇਜ਼ 6 ਦਾ ਨਵਾਂ ਬੱਸ ਅੱਡਾ ਕਿਸ ਦੇ ਹੁਕਮਾਂ 'ਤੇ ਬੰਦ ਕੀਤਾ ਗਿਆ ਹੈ।
ਮੁਹਾਲੀ ਵਾਸੀਆਂ ਦੀ ਹੋ ਰਹੀ ਹੈ ਸਿੱਧੀ ਲੁੱਟ
ਉਨ੍ਹਾਂ ਹਲਕਾ ਵਿਧਾਇਕ ਨੂੰ ਸਵਾਲ ਕੀਤਾ ਕਿ ਉਹ ਪੰਜਾਬ ਸਰਕਾਰ ਵਿਚ ਮੰਤਰੀ ਵੀ ਰਹੇ ਹਨ ਅਤੇ ਨਗਰ ਨਿਗਮ ਉਪਰ ਵੀ ਉਨ੍ਹਾਂ ਦੇ ਪਰਿਵਾਰ ਦਾ ਕਬਜ਼ਾ ਹੈ ਫਿਰ ਵੀ ਉਹ ਮੁਹਾਲੀ ਵਾਸੀਆਂ ਨੂੰ ਬੱਸ ਅੱਡੇ ਦੀ ਸਹੂਲਤ ਦੇਣ ਵਿਚ ਕਿਉਂ ਇਨਕਾਰੀ ਹਨ। ਉਨ੍ਹਾਂ ਇਲਾਜਾਮ ਲਗਾਇਆ ਕਿ ਅਸਲ ਵਿੱਚ ਸਾਰੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਰਲੇ ਹੋਏ ਹਨ। ਇਸ ਕਰਕੇ ਨਵੇਂ ਬੱਸ ਅੱਡੇ ਨੁੰ ਚਲਾਉਣ ਦੀ ਥਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਮਰਜ਼ੀ ਨਾਲ ਫੇਜ਼ 8 ਵਿੱਚ ਬੱਸਾਂ ਸੜਕ ਤੋਂ ਚਲਾਈਆਂ ਜਾ ਰਹੀਆਂ ਹਨ। ਇਸ ਤਰੀਕੇ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਮੁਹਾਲੀ ਵਾਸੀਆਂ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ।ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਵੱਖ ਵੱਖ ਸ਼ਹਿਰਾਂ ਦੇ ਬੱਸ ਅੱਡਿਆਂ ਉਪਰ ਜਾ ਕੇ ਛਾਪੇ ਮਾਰ ਰਹੇ ਹਨ ਪਰ ਕਦੇ ਉਨ੍ਹਾਂ ਨੇ ਮੁਹਾਲੀ ਦੇ ਬੱਸ ਅੱਡੇ ਦੀ ਸਾਰ ਨਹੀਂ ਲਈ। ਮੁਹਾਲੀ ਦਾ ਬੱਸ ਅੱਡਾ ਮੌਜੂਦਾ ਸਰਕਾਰ ਤੋਂ ਏਨੀ ਦੂਰ ਵੀ ਨਹੀਂ ਹੈ ਕਿ ਉਥੇ ਸਰਕਾਰ ਦਾ ਕੋਈ ਮੰਤਰੀ ਨਾ ਪਹੁੰਚ ਸਕਦਾ ਹੋਵੇ। ਉਹਨਾਂ ਕਿਹਾ ਕਿ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਨੂੰ ਇਸ ਗਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਨਿਵੇਸ਼ਕਾਂ ਦਾ ਪੈਸਾ ਕਿਸ ਤਰਾਂ ਡੁੱਬ ਗਿਆ।
ਇਹ ਵੀ ਪੜ੍ਹੋ- ‘ਕਿਸਾਨਾਂ ਨੂੰ ਵਿਰੋਧ ਮੁਜਾਹਰੇ ਦਾ ਹੱਕ, ਪਰ ਅਣਮਿੱਥੇ ਸਮੇਂ ਲਈ ਸੜਕ ਨਹੀਂ ਰੋਕ ਸਕਦੇ‘