ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਕੋਰੋਨਾ ਕਾਰਨ ਪੈਦੇ ਹੋਏ ਹਲਾਤ ਦੇ ਕਾਰਨ ਪੰਜਾਬ ਵਿੱਚ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਵੱਡੇ ਪੱਧਰ 'ਤੇ ਦਿੱਕਤ ਆ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਜਾਈ ਲਈ ਪ੍ਰੇਤਰ ਕਰ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਦੈੜੀ ਦੇ ਕਿਸਾਨਾਂ ਨੇ ਸਿੱਧੀ ਬਜਾਈ ਕਰਨ ਵਿੱਚ ਰੁਚੀ ਦਿਖਾਈ ਹੈ।
ਇਸ ਬਾਰੇ ਸਰਕਾਰ ਨੇ ਕਿਹਾ ਹੈ ਕਿ ਮਿਸ਼ਨ ਫਤਿਹ ਦੇ ਮੁੱਢਲੇ ਉਦੇਸ਼ਾਂ ਵਿੱਚੋਂ ਇੱਕ ਹੈ ਕੋਵਿਡ-19 ਕਾਰਨ ਕਿਸੇ ਵੀ ਵਰਗ ਨੂੰ ਇਕੱਲਿਆਂ ਨਹੀਂ ਛੱਡਣਾ ਹੈ। ਇਸੇ ਤਹਿਤ ਸੂਬਾ ਸਰਕਾਰ ਕਿਸਾਨਾਂ ਦੀ ਮਦਦ ਲਈ ਬਹੁੜਦੇ ਹੋਏ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਇਸ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਸੂਬਿਆਂ ਨੂੰ ਵਾਪਸ ਮੁੜ ਗਏ ਹਨ।
ਪਿੰਡ ਦੈੜੀ ਵਿਖੇ ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ। ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਸਕੱਤਰ ਖੇਤੀਬਾੜੀ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ 27 ਲੱਖ ਹੈਕਟੇਅਰ ਰਕਬਾ ਝੋਨੇ ਦੀ ਫਸਲ ਹੇਠ ਬੀਜਿਆ ਜਾਦਾਂ ਹੈ, ਜਿਸ ਵਿੱਚੋਂ 20 ਲੱਖ ਹੈਕਟੇਅਰ ਰਕਬਾ ਪਰਮਲ ਝੋਨੇ ਅਧੀਨ ਅਤੇ 7 ਲੱਖ ਹੈਕਟੇਅਰ ਰਕਬਾ ਬਾਸਮਤੀ ਅਧੀਨ ਬੀਜਿਆ ਜਾਦਾਂ ਹੈ।
ਕੋਰੋਨਾ ਦੀ ਮਹਾਂਮਰੀ ਦੇ ਮੱਦੇਨਜ਼ਰ ਝੋਨੇ ਦੀ ਲਵਾਈ ਲਈ ਮਜਦੂਰਾਂ ਦੀ ਘਾਟ ਦੇ ਚੱਲਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕਿਸਾਨਾਂ ਨੂੰ 20% ਰਕਬੇ ਹੇਠ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਸਾਲ ਪੰਜਾਬ ਵਿੱਚ 5 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ, ਪਰ ਮੌਜੂਦਾ ਸਥਿਤੀ ਅਤੇ ਕਿਸਾਨਾਂ ਦੀ ਦਿਲਚਸਪੀ ਨੂੰ ਵੇਖਦੇ ਹੋਏ ਰਾਜ ਵਿੱਚ 6-7 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਹੋਣ ਸੰਭਾਵਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ 20-25% ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਹੀ ਕਿਸਾਨਾਂ ਦਾ ਤਕਰੀਬਨ 6000 ਰੁਪਏ ਪ੍ਰਤੀ ਏਕੜ ਬੱਚਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਸਾਇੰਸਦਾਨਾਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਦਾ ਝਾੜ ਰਵਾਇਤੀ ਢੰਗ ਨਾਲ ਬੀਜੇ ਝੋਨੇ ਦੇ ਬਰਾਬਰ ਹੁੰਦਾ ਹੈ। ਪੰਨੂੰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਨਦੀਨ ਨਾਸ਼ਕ ਖਰੀਦਣ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਉਪਰੰਤ 24 ਘੰਟੇ ਦੇ ਅੰਦਰ ਅੰਦਰ ਨਦੀਨ ਨਾਸ਼ਕ ਦੀ ਸਪਰੇਅ ਕਰਨ ਨੂੰ ਯਕੀਨੀ ਬਣਾਉਣ। ਉਹਨਾਂ ਨੇ ਦੱਸਿਆ ਕਿ ਇਸ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾ ਅਤੇ ਪੋਦ ਨਾਲ ਲਵਾਈ ਵਾਲੀਆਂ 800 ਮਸ਼ੀਨਾ ਕਿਸਾਨਾਂ ਨੂੰ ਸਬਸਿਡੀ ਉਪਰ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਐਸਏਐਸ ਨਗਰ ਡਾ. ਰਣਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਉਪਰੰਤ ਖੇਤ ਨੂੰ 21 ਦਿਨ ਬਾਅਦ ਪਾਣੀ ਲਗਾਉਣਾ ਹੈ ਅਤੇ ਖੇਤ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਨੂੰ 3 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 4,6 ਅਤੇ 9 ਹਫਤਿਆਂ ਬਾਅਦ ਖੇਤ ਵਿੱਚ ਛਿੱਟਾ ਦਿੱਤਾ ਜਾਵੇ।