ਮੋਹਾਲੀ: ਮੋਹਾਲੀ ਵਿਖੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜੋ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਲਾਲਪੁਰ ਦੇ ਵਸਨੀਕ 5 ਲੜਕੀਆਂ ਦੀ ਮਾਂ ਘਰੋਂ ਸੋਨੇ ਦੇ ਗਹਿਣੇ, ਨਕਦੀ ਅਤੇ 2 ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਔਰਤ ਦੇ ਪਤੀ ਸੁਖਵਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਜਲਾਲਪੁਰ ਨੇ ਦੱਸਿਆ ਕਿ ਤਕਰੀਬਨ 20 ਸਾਲ ਪਹਿਲਾਂ ਉਸ ਦਾ ਵਿਆਹ ਪਿੰਡ ਕਰਾਲਾ ਦੀ ਵਸਨੀਕ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਘਰ 5 ਲੜਕੀਆਂ ਨੇ ਜਨਮ ਲਿਆ।
ਜਿੰਨ੍ਹਾਂ ਵਿੱਚੋਂ ਵੱਡੀ ਲੜਕੀ ਦੀ ਉਮਰ 18 ਸਾਲ ਹੈ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਸਕਿਓਰਿਟੀ ਗਾਰਡ ਦੀ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਦੇ ਸਹੁਰੇ ਪਿੰਡ ਕਰਾਲਾ ਤੋਂ ਇਕ ਨੌਜਵਾਨ ਦਾ ਉਸ ਦੇ ਘਰ ਆਉਣਾ-ਜਾਣਾ ਸੀ।
ਜਿਸ ਕਾਰਨ ਉਸ ਨੌਜਵਾਨ ਨਾਲ ਉਸ ਦੀ ਪਤਨੀ ਦੇ ਪ੍ਰੇਮ ਸਬੰਧ ਬਣ ਗਏ। ਪੀੜਤ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸ਼ਾਮ ਨੂੰ 6 ਵਜੇ ਆਪਣੇ ਘਰੋਂ ਡਿਊਟੀ ’ਤੇ ਗਿਆ ਤਾਂ ਉਸ ਦੀ ਪਤਨੀ ਵੱਡੀ ਲੜਕੀ ਨੂੰ ਡਾਕਟਰ ਕੋਲ ਦਵਾਈ ਲਿਆਉਣ ਬਾਰੇ ਕਹਿ ਕੇ 14 ਸਾਲਾ ਅਤੇ 3 ਸਾਲ ਧੀ ਨੂੰ ਲੈ ਕੇ ਚਲੀ ਗਈ।
ਜਦੋਂ 2 ਘੰਟੇ ਬਾਅਦ ਵੀ ਉਹ ਘਰ ਨਾ ਪਹੁੰਚੀ ਅਤੇ ਉਸ ਦਾ ਫੋਨ ਬੰਦ ਆਉਣ ਲੱਗ ਪਿਆ ਤਾਂ ਉਸ ਦੀ ਵੱਡੀ ਲੜਕੀ ਨੇ ਉਸ ਨੂੰ ਫੋਨ ਕੀਤਾ ਕਿ ਮੰਮੀ ਘਰੋਂ ਦਵਾਈ ਲੈਣ ਗਈ ਸੀ ਪਰ ਆਈ ਨਹੀਂ।
ਇਸ ਸੂਚਨਾ ਤੋਂ ਬਾਅਦ ਉਹ ਤੁਰੰਤ ਆਪਣੇ ਘਰ ਆਇਆ ਤਾਂ ਦੇਖਿਆ ਕਿ ਅਲਮਾਰੀ ’ਚ ਪਈਆਂ ਸੋਨੇ ਦੀਆਂ 2 ਮੁੰਦਰੀਆਂ, 1 ਜੋੜੀ ਕੰਨਾਂ ਦੀਆਂ ਵਾਲੀਆਂ ਅਤੇ 1 ਜੋੜੀ ਕਾਂਟਿਆਂ ਦੀ ਅਤੇ ਘਰ ’ਚ ਪਈ 18 ਹਜ਼ਾਰ ਰੁਪਏ ਦੀ ਨਕਦੀ ਵੀ ਆਪਣੇ ਨਾਲ ਹੀ ਗਈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦੀ ਆਸ-ਪਾਸ ਭਾਲ ਕੀਤੀ ਪਰ ਮੈਨੂੰ ਬਾਅਦ ’ਚ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਹੈ। ਘਟਨਾ ਦੀ ਸੂਚਨਾ ਥਾਣਾ ਬਨੂੜ ਦੀ ਪੁਲਿਸ ਨੂੰ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬੱਚੇ ਨੂੰ ਬੈੱਡ 'ਚ ਬੰਦ ਕਰ ਮਹਿਲਾ ਹੋਈ ਪ੍ਰੇਮੀ ਨਾਲ ਫਰਾਰ