ਮੋਹਾਲੀ: ਸ਼ਹਿਰ ਮੋਹਾਲੀ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਮੋਹਾਲੀ ਦੇ ਹਰੇਕ ਸੈਕਟਰ ਵਿੱਚ ਨਾਜਾਇਜ਼ ਕਬਜ਼ੇ ਲਗਾਤਾਰ ਵੱਧ ਰਹੇ ਹਨ। ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਵੱਲੋਂ ਫੁੱਟਪਾਥ ਨੂੰ ਘੇਰ ਕੇ ਉਨ੍ਹਾਂ ਉੱਪਰ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਇਸ ਕਾਰਨ ਆਮ ਲੋਕਾਂ ਨੂੰ ਫੁੱਟਪਾਥਾਂ ਉੱਪਰ ਚੱਲਣ 'ਤੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੁੱਟਪਾਥ ਉੱਪਰ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਸੜਕਾਂ 'ਤੇ ਤੁਰਨ ਨੂੰ ਮਜਬੂਰ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਹਾਦਸਿਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ।
ਕਮਿਸ਼ਨਰ ਨੇ ਕੈਮਰੇ ਅੱਗੇ ਬੋਲਣ ਤੋਂ ਕੀਤਾ ਸੀ ਇਨਕਾਰ
ਦੱਸਣਯੋਗ ਹੈ ਕਿ ਜਦ ਇਸ ਸਬੰਧੀ ਈਟੀਵੀ ਭਾਰਤ ਨੇ ਨਗਰ ਨਿਗਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਰੇਣੂ ਥਿੰਦ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਨਗਰ ਨਿਗਮ ਦੀ ਟੀਮ ਨੂੰ ਭੇਜ ਕੇ ਨਾਜਾਇਜ਼ ਕਬਜ਼ੇ ਤੁਰੰਤ ਹਟਾਉਣ ਦੇ ਆਦੇਸ਼ ਦੇ ਦਿੱਤੇ ਸਨ। ਇਨ੍ਹਾਂ ਆਦੇਸ਼ਾਂ ਦੇ ਅਧਿਨ 70 ਸੈਕਟਰ ਦੇ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇ ਉਨ੍ਹਾਂ ਵੱਲੋਂ ਫੁੱਟਪਾਥ ਉੱਪਰ ਸਾਮਾਨ ਰੱਖਿਆ ਗਿਆ ਤਾਂ ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ।
ਨਗਰ ਨਿਗਮ ਕਦੋਂ ਕੱਢੇਗੀ ਸਥਾਈ ਹਲ?
ਹਾਲਾਂਕਿ ਨਗਰ ਨਿਗਮ ਸਮੇਂ-ਸਮੇਂ 'ਤੇ ਅਜਿਹੀਆਂ ਕਾਰਵਾਈਆਂ ਕਰਦਾ ਰਹਿੰਦਾ ਹੈ ਅਜੇ ਤੱਕ ਇਸ ਸਮੱਸਿਆ ਦਾ ਕੋਈ ਵੀ ਸਥਾਈ ਹੱਲ ਨਹੀਂ ਕੱਢਿਆ ਗਿਆ ਹੈ। ਦੁਕਾਨਦਾਰਾਂ ਦਾ ਥੋੜ੍ਹਾ ਬਹੁਤ ਸਾਮਾਨ ਚੁੱਕਿਆ ਜਾਂਦਾ ਹੈ ਤੇ ਫਿਰ ਕੁੱਝ ਚਲਾਨ ਭਰਵਾ ਕੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਨਗਰ ਨਿਗਮ ਨੂੰ ਚਾਹੀਦਾ ਇਨ੍ਹਾਂ ਉੱਪਰ ਵੱਡੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣੇ ਨਾ ਕਰਨਾ ਪਵੇ।
ਈਟੀਵੀ ਭਾਰਤ ਦੀ ਖ਼ਬਰ ਤੋਂ ਬਾਅਦ ਨਗਰ ਨਿਗਮ ਦੀ ਕਾਰਵਾਈ ਨਾਲ ਲੋਕਾਂ ਨੂੰ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਨਾਲ ਹੀ ਪ੍ਰਸ਼ਾਸਨ ਉੱਪਰ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਇਸ ਦਾ ਸਮੱਸਿਆ ਦਾ ਕੋਈ ਸਥਾਈ ਹੱਲ ਕਿਉਂ ਨਹੀਂ ਕੱਢਿਆ ਜਾ ਰਿਹਾ। ਨਗਰ ਨਿਗਮ ਦੇ ਕੁੱਝ ਅਧਿਕਾਰੀਆਂ ਨੇ ਆਪਣਾ ਨਾਂਅ ਨਾ ਦੱਸਣ ਦੀ ਸੂਰਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਉੱਪਰ ਸਰਕਾਰੀ ਦਬਾਅ ਹੁੰਦਾ ਹੈ ਤੇ ਲੋਕਾਂ ਵੱਲੋਂ ਧਮਕੀਆਂ ਵੀ ਮਿਲਦੀਆਂ ਹਨ ਜਿਸ ਕਰਕੇ ਉਹ ਕੋਈ ਸਖ਼ਤ ਕਦਮ ਨਹੀਂ ਚੁੱਕ ਪਾਉਂਦੇ।