ਮੁਹਾਲੀ: ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਦੀ ਰਾਜ ਵਿੱਚੋਂ ਨਸ਼ਾ ਖਤਮ ਕਰਨ ਦੀ ਨੀਤੀ ਤਹਿਤ ਜਾਰੀ ਨਿਰਦੇਸ਼ਾਂ ਦੇ ਮੁਤਾਬਕ ਜ਼ਿਲ੍ਹਾ ਮੁਹਾਲੀ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਸੀਆਈਏ ਸਟਾਫ਼ ਮੁਹਾਲੀ ਅਤੇ ਉਨ੍ਹਾਂ ਦੀ ਟੀਮ ਵਲੋਂ 2 ਸਾਲ ਤੋਂ ਪੰਜਾਬ ਅਤੇ ਰਾਜਸਥਾਨ ਸੂਬਿਆਂ ਦੇ ਭਗੌੜੇ ਨਸ਼ਾ ਤਸਕਰਾਂ ਨੂੰ ਅਸਲੇ ਸਣੇ ਕਾਬੂ ਕੀਤਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਛਿੰਦੀ ਦੇ ਸਰਹੱਦ ਪਾਰ ਪਾਕਿਸਤਾਨ ਦੇ ਅਸਲਾ/ਨਸ਼ਾ ਤਸਕਰਾਂ ਨਾਲ ਸੰਬੰਧ ਹਨ| ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ ਇਕ ਫ਼ਾਰਚੂਨਰ ਗੱਡੀ ਬਰਾਮਦ ਹੋਈ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਮੁਹਾਲੀ ਦੀ ਟੀਮ ਨੂੰ ਖੁਫੀਆਂ ਸੂਚਨਾ ਮਿਲੀ ਸੀ ਕਿ ਭਗੌੜਾ ਨਸ਼ਾ ਤਸਕਰ ਛਿੰਦਰਪਾਲ ਸਿੰਘ ਉਰਫ ਛਿੰਦੀ ਵਾਸੀ ਜ਼ਿਲ੍ਹਾ ਅਬੋਹਰ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਵਿੱਚ ਅੰਬਾਲਾ ਪਾਸੇ ਤੋਂ ਆ ਰਿਹਾ ਹੈ। ਉਸ ਨੂੰ ਜ਼ੀਰਕਪੁਰ ਵਿਚ ਨਾਕੇਬੰਦੀ ਕਰ ਕੇ SUV ਗੱਡੀ ਅਤੇ ਨਾਜਾਇਜ਼ ਅਸਲਾ, ਐਮੋਨੇਸ਼ਨ ਸਣੇ ਕਾਬੂ ਕਰਕੇ ਬਣਦੀ ਧਾਰਾ ਮੁਤਾਬਕ ਜ਼ੀਰਕਪੁਰ ਵਿੱਚ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ|
ਰਾਜਸਥਾਨ 'ਚ ਮੁਲਜ਼ਮ ਛਿੰਦੀ 'ਤੇ ਹੈ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ
ਮਿਲੀ ਜਾਣਕਾਰੀ ਮੁਤਾਬਕ, ਫੜੇ ਗਏ ਮੁਲਜ਼ਮ ਛਿੰਦਰਪਾਲ ਸਿੰਘ ਉਰਫ ਛਿੰਦੀ ਵਿਰੁੱਧ ਕੁੱਲ 17 ਮੁਕੱਦਮੇ ਪੰਜਾਬ ਅਤੇ ਰਾਜਸਥਾਨ ਦੋਹਾਂ ਸੂਬਿਆਂ ਵਿੱਚ ਵੱਖ-ਵੱਖ ਥਾਣਿਆਂ 'ਚ ਦਰਜ ਹਨ| ਰਾਜਸਥਾਨ ਸੂਬੇ ਨੇ ਇਸ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕੀਤਾ ਹੋਇਆ ਹੈ| ਇਹ ਸਾਲ 2012 ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਲੱਗਾ ਹੋਇਆ ਹੈ ਜਿਸ ਨੂੰ 2015 ਵਿੱਚ ਪਹਿਲੀ ਵਾਰ 5 ਕਿੱਲੋਂ ਨਸ਼ੀਲੇ ਪਦਾਰਥ ਸਮੇਤ ਫੜਿਆ ਸੀ| ਜ਼ਮਾਨਤ 'ਤੇ ਬਾਹਰ ਆ ਕੇ ਮੁਲਜ਼ਮ ਛਿੰਦਰ ਨੇ ਆਪਣੇ ਸਰਹੱਦ ਪਾਰ ਸੰਪਰਕਾਂ ਤੋਂ ਹੈਰੋਇਨ ਤੇ ਅਸਲੇ ਦੀਆਂ ਵੱਡੀਆਂ ਖੇਪਾਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜਾਬ ਵਿੱਚ ਆਪਣੇ ਸਾਥੀਆਂ ਨੂੰ ਹੈਰੋਇਨ ਦੀਆਂ ਖੇਪਾਂ ਡਿਲੀਵਰ ਕਰਨ ਲੱਗ ਗਿਆ|
ਬੀਐਸਐਫ਼ ਨੂੰ ਵੀ ਸੀ ਇਸ ਮੁਲਜ਼ਮ ਦੀ ਭਾਲ
ਐਸਐਸਪੀ, ਮੁਹਾਲੀ ਨੇ ਦੱਸਿਆ ਕਿ ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੁਲਜ਼ਮ ਪੰਜਾਬ-ਰਾਜਸਥਾਨ ਸਰਹੱਦ ਨਾਲ ਲੱਗਦੇ ਅੰਤਰ-ਰਾਸ਼ਟਰੀ ਸਰਹੱਦ ਇਲਾਕੇ ਦਾ ਵਾਸੀ ਹੋਣ ਕਰ ਕੇ ਇਸ ਨੂੰ ਤਾਰ-ਪਾਰ ਤੋਂ ਡਿਲੀਵਰੀ ਲੈਣ ਦੀ ਮੁਹਾਰਤ ਹਾਸਲ ਹੈ| ਇਸ ਨੇ ਕਈ ਵਾਰ ਵੱਡੀਆਂ ਹੈਰੋਇਨ ਦੀਆਂ ਖੇਪਾ ਸਰਹੱਦ ਪਾਰ ਤੋਂ ਹਾਸਲ ਕੀਤੀਆਂ ਹਨ ਜਿਸ ਕਰਕੇ ਇਹ ਬਾਰਡਰ ਸਕਿਉਰਟੀ ਫੋਰਸ ਨੂੰ ਵੀ ਲੋੜੀਂਦਾ ਸੀ| ਫ਼ਿਲਹਾਲ ਮੁਲਜ਼ਮ ਪਾਸੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਉਸ ਕੋਲੋ ਹੋਰ ਵੀ ਕਈ ਪ੍ਰਕਾਰ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਅਤੇ ਕਈ ਮਾਮਲਿਆਂ ਦਾ ਖੁਲਾਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਦਲਿਤ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ, ਪਲਾਸ ਨਾਲ ਨੋਚਿਆ ਲੱਤਾ ਦਾ ਮਾਸ