ਮੁਹਾਲੀ: ਬਦਲਦੇ ਮੌਸਮ ਦੇ ਨਾਲ-ਨਾਲ ਡੇਂਗੂ ਦੀ ਆਮਦ ਵੀ ਵੱਧ ਗਈ ਹੈ। ਗੱਲ ਕਰੀਏ ਮੁਹਾਲੀ ਦੀ ਤਾਂ ਇੱਥੇ ਸਾਲ 2017 ਵਿੱਚ 1700 ਦੇ ਕਰੀਬ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ ਪਰ ਹੁਣ ਸਾਲ 2019 ਵਿੱਚ ਘੱਟ ਕੇ ਸਿਰਫ 17 ਮਾਮਲੇ ਹੀ ਰਹਿ ਗਏ ਹਨ। ਮੁਹਾਲੀ ਨੇ ਲਗਭਗ ਡੇਂਗੂ ਉੱਪਰ ਕੰਟਰੋਲ ਕਰ ਲਿਆ ਹੈ।
ਮੁਹਾਲੀ ਸਿਹਤ ਵਿਭਾਗ ਵੱਲੋਂ ਅਪ੍ਰੈਲ ਤੋਂ ਲੈ ਕੇ ਹੁਣ ਤੱਕ 60 ਹਜ਼ਾਰ ਘਰਾਂ ਦਾ ਸਰਵੇ ਕੀਤਾ ਗਿਆ ਜਿਸ ਤਹਿਤ 2 ਲੱਖ 5 ਹਜ਼ਾਰ ਕੰਟੇਨਰ ਚੈੱਕ ਕੀਤੇ ਗਏ ਜਿੱਥੇ 1753 ਲਾਰਵਾ ਪਾਏ ਗਏ। ਇਨ੍ਹਾਂ ਵਿੱਚੋਂ 1100 ਲਾਰਵਾ ਨਯਾ ਗਾਓ ਅਤੇ 282 ਲਾਰਵਾ ਮੁਹਾਲੀ ਵਿੱਚ ਪਾਇਆ ਗਿਆ।
ਦੱਸਣਯੋਗ ਹੈ ਕਿ ਮੁਹਾਲੀ ਸਿਹਤ ਵਿਭਾਗ ਨੇ ਨਗਰ ਨਿਗਮ ਨਾਲ ਮਿਲ ਕੇ 133 ਚਲਾਨ ਕੀਤੇ ਅਤੇ ਡੇਂਗੂ ਦਾ ਲਾਰਵਾ ਨਸ਼ਟ ਕਰਕੇ ਲੋਕਾਂ ਨੂੰ ਡੇਂਗੂ ਤੋਂ ਨਿਜਾਤ ਦਿਵਾਈ। ਡਾਕਟਰ ਸ਼ਲਿੰਦਰ ਕੌਰ ਦਾ ਕਹਿਣਾ ਹੈ ਕਿ ਡੇਂਗੂ ਤੋਂ ਡਰਨ ਦੀ ਲੋੜ ਨਹੀਂ ਹੈ ਇਸ ਇੱਕ ਮੱਛਰ ਦੁਆਰਾ ਪੈਦਾ ਹੋਈ ਬਿਮਾਰੀ ਹੈ ਜਿਸ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ।
ਕੀ ਹਨ ਲੱਛਣ?
ਡੇਂਗੂ ਬੁਖਾਰ ਸਭ ਤੋਂ ਅਲੱਗ ਲੱਛਣ ਦਰਸਾਉਂਦਾ ਹੈ ਜਿਵੇਂ ਕਿ ਜੋੜਾ ਵਿੱਚ ਤੇਜ਼ ਦਰਦ ਜਿਸ ਦੇ ਨਾਲ ਬੁਖਾਰ ਵੀ ਹੁੰਦਾ ਹੈ। ਉਲਟੀ ਆਉਣਾ, ਟੱਟੀਆਂ ਲਗਣੀਆਂ, ਕਮਜ਼ੋਰੀ ਅਤੇ ਖ਼ੂਨ ਆਉਣਾ ਵੀ ਡੇਂਗੂ ਦੇ ਲੱਛਣ ਹਨ।
ਕੀ ਅਤੇ ਕਿੱਥੇ ਹੁੰਦਾ ਹੈ ਇਲਾਜ?
ਡਾ ਸ਼ਲਿੰਦਰ ਕੌਰ ਮੁਤਾਬਕ ਜ਼ਿਲ੍ਹੇ ਦੇ ਹਰੇਕ ਸਰਕਾਰੀ ਹਸਪਤਾਲ ਵਿੱਚ ਡੇਂਗੂ ਦਾ ਮੁਫ਼ਤ ਇਲਾਜ਼ ਮੌਜੂਦ ਹੈ। ਇਸ ਦੇ ਲਈ ਇੱਕ ਟੈਸਟ ਹੁੰਦਾ ਹੈ ਉਸ ਤੋਂ ਬਾਅਦ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ, ਜੂਸ ਆਦਿ ਪੀਣਾ ਚਾਹੀਦਾ ਹੈ ਇਸ ਲਈ ਕੋਈ ਬਹੁਤੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਸਿਰਫ ਇਕ ਆਮ ਬੁਖਾਰ ਦੀ ਗੋਲੀ ਪੈਰਾਸਿਟਾਮੋਲ ਹੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ 5-6 ਦਿਨ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਹੀ ਪੀਣਾ ਹੁੰਦਾ ਹੈ।
ਕੀ ਹਨ ਉਪਾਅ?
ਡੇਂਗੂ ਦਾ ਲਾਰਵਾ ਨਾਂ ਫੈਲੇ ਇਸ ਲਈ ਸਾਨੂੰ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਆਮ ਤੌਰ ਤੇ ਸਾਡੇ ਘਰਾਂ ਦੀਆਂ ਛੱਤਾਂ ਉਪਰ ਟੀਨ ਦੇ ਪਿੱਪਿਆਂ, ਚਾਦਰਾਂ, ਘਰਾਂ ਦੇ ਕੂਲਰਾਂ ਆਦਿ ਵਿੱਚ ਪਾਣੀ ਜਮਾਂ ਹੋਣ ਕਰਕੇ ਡੇਂਗੂ ਦਾ ਮੱਛਰ ਪੈਦਾ ਹੁੰਦਾ ਹੈ ਤਾਂ ਇਨ੍ਹਾਂ ਨੂੰ ਬਰਸਾਤ ਦੇ ਮੌਸਮ ਵਿੱਚ ਬਿਲਕੁਲ ਸਾਫ ਰੱਖੋ। ਸਮੇਂ ਸਮੇਂ 'ਤੇ ਕੂਲਰ ਦਾ ਪਾਣੀ ਬਦਲੋ ਅਤੇ ਕਦੇ ਵੀ ਆਸ ਪਾਸ ਪਾਣੀ ਜਮਾਂ ਨਾ ਹੋਣ ਦਿਓ। ਡਾ. ਸ਼ਲਿੰਦਰ ਦਾ ਕਹਿਣਾ ਹੈ ਇੱਕ ਮੱਛਰ ਇੱਕ ਢੱਕਣ ਪਾਣੀ ਵਿੱਚ 150 ਤੋਂ ਜ਼ਿਆਦਾ ਆਂਡੇ ਦਿੰਦਾ ਹੈ ਅਤੇ ਡੇਂਗੂ ਦਾ ਮੱਛਰ ਸਿਰਫ ਦੁਪਹਿਰ ਦੇ ਸਮੇਂ ਹੀ ਕੱਟਦਾ ਹੈ।