ਮੁਹਾਲੀ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਉਦਯੋਗਾਂ ਨੂੰ ਕੀਤੀ ਅਪੀਲ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਜੱਦ ਜ਼ਿਲ੍ਹੇ ਨੂੰ ਦੋ ਆਕਸੀਜਨ ਪਲਾਂਟਾਂ ਦੇ ਸਪੁਰਦਗੀ ਆਰਡਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਚਲਾਈਆਂ ਜਾ ਰਹੀਆਂ ਕੋਵਿਡ ਰਾਹਤ ਗਤੀਵਿਧੀਆਂ ਲਈ 10 ਲੱਖ ਰੁਪਏ ਦਾ ਸਹਿਯੋਗ ਮਿਲਿਆ।
ਇਸ ਤੋਂ ਪਹਿਲਾਂ, ਅੱਜ ਡਿਪਟੀ ਕਮਿਸ਼ਨਰ ਨੇ ਉਦਯੋਗਿਕ ਐਸੋਸੀਏਸ਼ਨਾਂ, ਆਈ.ਟੀ ਅਤੇ ਰੀਅਲ ਅਸਟੇਟ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਉਨਾਂ ਨੇ ਕੋਵਿਡ ਵਿਰੁੱਧ ਲੜਾਈ ਵਿੱਚ ਹੁਣ ਤੱਕ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕਰਦਿਆਂ ਇਸ ਲੜਾਈ ਵਿੱਚ ਖੁੱਲ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ ਇਸ ਲਈ ਲੋੜੀਂਦੀਆਂ ਕੋਵਿਡ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰਾਈਵੇਟ ਸੈਕਟਰ, ਕਾਰੋਬਾਰੀਆਂ, ਉਦਯੋਗਾਂ, ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਸਮਾਜ ਸੇਵੀਆਂ ਨੂੰ ਸਰਕਾਰ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਬਹੁਤ ਸਾਰੇ ਤਰੀਕਿਆਂ ਨਾਲ ਸਾਨੂੰ ਸਾਰਿਆਂ ਨੂੰ ਪ੍ਰਭਾਵਤ ਕਰ ਰਹੀ ਹੈ ਅਤੇ ਇਹ ਪਹਿਲੇ ਨਾਲੋਂ ਬੇਹੱਦ ਖਤਰਨਾਕ ਹੈ। ਇਸ ਦਾ ਇਕ ਵੱਡਾ ਪ੍ਰਭਾਵ ਸਾਡੀ ਸਿਹਤ ਸੰਭਾਲ ਪ੍ਰਣਾਲੀ ਉੱਤੇ ਤਣਾਅ ਨੂੰ ਵਧਾਉਣਾ ਹੈ। ਅਜਿਹੇ ਹਾਲਾਤ ਵਿੱਚ, ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਸਟੇਟ ਕੋਵਿਡ ਟੀਕਾਕਰਨ ਫੰਡ ਵਿੱਚ 430 ਰੁਪਏ ਪ੍ਰਤੀ ਕੋਵੈਕਸਿਨ ਦੀ ਖੁਰਾਕ ਦੇ ਹਿਸਾਬ ਨਾਲ ਦਾਨ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਟੀਕਾ ਦਾਨ ਕਰਨਾ ਜੀਵਨ ਦਾਨ ਕਰਨ ਦੇ ਬਰਾਬਰ ਹੈ। ਉਦਯੋਗਾਂ ਦੇ ਨੁਮਾਇੰਦਿਆਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਅਧੀਨ ਵੱਧ ਤੋਂ ਵੱਧ ਸਹਾਇਤਾ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਸਰਸਵਤੀ ਐਗਰੋ ਕੈਮੀਕਲਜ਼ (ਇੰਡੀਆ) ਪ੍ਰਾਈਵੇਟ ਲਿ. ਲਿਮਟਿਡ ਨੇ ਖਰੜ ਸਬ-ਡਵੀਜ਼ਨਲ ਹਸਪਤਾਲ ਲਈ 100 ਐਲ.ਪੀ.ਐਮ. ਆਕਸੀਜਨ ਪਲਾਂਟ ਸਥਾਪਤ ਕਰਨ ਦਾ ਵਾਅਦਾ ਕੀਤਾ ਹੈ।
ਸਰਸਵਤੀ ਐਗਰੋ ਤੋਂ ਲਲਿਤ ਬਾਂਸਲ ਨੇ ਖਰੜ ਹਸਪਤਾਲ ਲਈ ਖਰੀਦਿਆ ਹੋਇਆ ਆਰਡਰ ਸੌਂਪਦਿਆਂ ਭਰੋਸਾ ਦਿੱਤਾ ਕਿ ਪਲਾਂਟ ਲਗਾਉਣ ਦਾ ਕੰਮ ਚਾਰ ਹਫ਼ਤਿਆਂ ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਸਵ. ਕਰਮ ਚੰਦ ਬਾਂਸਲ ਅਤੇ ਸਵ. ਯਮੁਨਾ ਦੇਵੀ ਦੀ ਯਾਦ ਵਿਚ ਕੋਵਿਡ ਰਾਹਤ ਕਾਰਜਾਂ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ 10 ਲੱਖ ਰੁਪਏ ਵੀ ਦਾਨ ਕੀਤੇ।
ਕਨਫੈੱਡਰੇਸ਼ਨ ਆਫ਼ ਰੀਅਲ ਅਸਟੇਟ ਡਿਵੈੱਲਪਰਜ਼ ਐਸੋਸੀਏਸ਼ਨਜ਼ ਆਫ਼ ਇੰਡੀਆ (ਸੀ.ਆਰ.ਈ.ਡੀ.ਏ.ਈ.) ਨੇ ਇਸ ਮੌਕੇ ਜ਼ਿਲ੍ਹੇ ਲਈ 1000 ਐੱਲ.ਪੀ.ਐਮ. ਆਕਸੀਜਨ ਪਲਾਂਟ ਲਗਾਉਣ ਸਬੰਧੀ ਆਰਡਰ ਦਸਤਾਵੇਜ਼ ਸੌਂਪੇ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਡੇਰਾ ਪ੍ਰੇਮੀ 4 ਦਿਨਾ ਪੁਲਿਸ ਰਿਮਾਂਡ 'ਤੇ