ਕੁਰਾਲੀ : ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਆਮ ਲੋਕਾਂ ਵਿੱਚ ਵਾਇਰਸ ਸਬੰਧੀ ਕਈ ਤਰ੍ਹਾਂ ਦੀਆਂ ਅਫਵਾਹਾਂ ਪਾਈਆਂ ਜਾ ਰਹੀਆਂ ਹਨ। ਕੁਰਾਲੀ ਵਿੱਚ ਵੀ ਇਨ੍ਹਾਂ ਅਫਵਾਹਾਂ ਦੇ ਕਾਰਨ ਸਬਜ਼ੀ ਮੰਡੀ ਵਿੱਚ ਲੋਕਾਂ ਵੱਡੀ ਗਿਣਤੀ 'ਚ ਸਬਜ਼ੀ ਲੈਣ ਲਈ ਇੱਕਠੇ ਹੋ ਗਏ। ਇਸ ਨੂੰ ਵੇਖਦੇ ਹੋਏ ਐੱਸਡੀਐੱਮ ਤੇ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ।
ਐੱਸਡੀਐੱਮ ਹਿਮਾਸ਼ੂ ਜੈਨ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਤੇ ਹੋਰ ਦੁਕਾਨਾਂ ਇਸੇ ਤਰ੍ਹਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਕਰਕੇ ਲੋਕ ਕਿਸੇ ਅਫਵਾਹ ਦੇ ਵਿੱਚ ਆ ਕੇ ਸਬਜ਼ੀ ਤੇ ਰਾਸ਼ਨ ਨੂੰ ਬੇਲੋੜਾ ਜਮ੍ਹਾ ਨਾ ਕਰਨ।
ਉਨ੍ਹਾਂ ਕਿਹਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਆਫਤ ਨਾਲ ਨਜਿੱਠਣ ਲਈ ਤਿਆਰ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪ੍ਰਸ਼ਾਸਨ ਨਾਲ ਸੰਪਰਕ ਕਰੇ।
ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਬਕਾਇਦਾ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ।
ਇਹ ਵੀ ਪੜ੍ਹੋ : ਕਣਕ-ਝੋਨਾ ਨਹੀਂ ਬਲਕਿ ਸਾਰੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮਿਲੇ ਪੂਰਾ ਮੁੱਲ: ਭਗਵੰਤ ਮਾਨ
ਸਬਜ਼ੀ ਮੰਡੀ ਵਿੱਚ ਲੋਕਾਂ ਦੀ ਮੰਗ ਵੇਖਦੇ ਹੋਏ ਸਬਜ਼ੀ ਵਿਕਰੇਤਾਵਾਂ ਨੇ ਵੀ ਸਬਜ਼ੀਆਂ ਦੇ ਭਾਅ ਦੋ ਤੋਂ ਤਿੰਨ ਗੁਣਾ ਵਧਾ ਦਿੱਤੇ। ਇਸ ਕਾਰਨ ਮਜ਼ਬੂਰੀ ਵਿੱਚ ਲੋਕ ਮਹਿੰਗੇ ਭਾਅ ਦੀਆਂ ਸਬਜ਼ੀਆਂ ਖ਼ਰੀਦਣ ਲਈ ਮਜ਼ਬੂਰ ਹੋਏ। ਇਸ ਸਬੰਧੀ ਪ੍ਰਸ਼ਾਸਨ ਨੇ ਇਨ੍ਹਾਂ ਸਬਜ਼ੀ ਵਿਕਰੇਤਾਵਾਂ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ।