ਮੋਹਾਲੀ: ਪੰਡੋਰੀ ਬੰਬ ਬਲਾਸਟ ਦੇ ਮਾਮਲੇ ਵਿੱਚ ਮੋਹਾਲੀ ਦੀ ਸਪੈਸ਼ਲ NIA ਦੀ ਅਦਾਲਤ ਨੇ ਜਾਂਚ ਕਰ ਰਹੀ ਟੀਮ ਨੂੰ ਮੁਲਜ਼ਮਾਂ ਦਾ ਹੋਰ ਰਿਮਾਂਡ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਦਾਲਤ ਵੱਲੋਂ ਚਾਰਾਂ ਮੁਲਜਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁੱਕਮ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਸਤੰਬਰ ਮਹੀਨੇ ਵਿੱਚ ਤਰਨਤਾਰਨ ਨੇੜਲੇ ਪਿੰਡ ਵਿਖੇ ਇੱਕ ਬੰਬ ਬਲਾਸਟ ਕੀਤਾ ਗਿਆ ਸੀ। ਇਸ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ NIA ਦੀ ਟੀਮ ਵੱਲੋਂ ਗੁਰਜੰਟ ਸਿੰਘ ਨਾਮਕ ਵਿਅਕਤੀ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਕਰਾਰ ਕੀਤਾ ਗਿਆ ਸੀ। ਗੁਰਜੰਟ ਦੀਆਂ ਇਸ ਘਟਨਾ ਦੌਰਾਨ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਟੀਮ ਵੱਲੋਂ ਤਫਤੀਸ਼ ਦੌਰਾਨ ਇਸ ਧਮਾਕੇ ਵਿੱਚ 7 ਹੋਰ ਮੁਲਜਮਾਂ ਨੂੰ ਨਾਮਜਦ ਕੀਤਾ ਗਿਆ ਸੀ।
NIA ਦੀ ਟੀਮ ਵੱਲੋਂ ਅਦਾਲਤ ਤੋਂ 8 ਵਿੱਚੋਂ 4 ਮੁਲਜ਼ਮਾਂ ਜਿਨ੍ਹਾਂ ਵਿੱਚ ਮੱਸਾ ਸਿੰਘ, ਗੁਰਜੰਟ ਸਿੰਘ, ਹਰਜੀਤ ਸਿੰਘ ਅਤੇ ਅਮਰਜੀਤ ਸ਼ਾਮਿਲ ਹਨ ਇਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਇਸ ਨੂੰ ਖਾਰਜ਼ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਜੇਲ੍ਹ 'ਚ ਬੰਦ ਮੁਲਜ਼ਮ ਮਲਕੀਤ ਸਿੰਘ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ, ਜਿਸ ਦੇ ਇਲਾਜ਼ ਲਈ ਅਦਾਲਤ ਵੱਲੋਂ ਪੀ.ਜੀ.ਆਈ ਦਾਖਲ ਕਰਵਾਉਣ ਦੇ ਹੁੱਕਮ ਦਿੱਤੇ ਗਏ ਹਨ।