ਕੁਰਾਲੀ: ਸ਼ਹਿਰ ਦੇ ਆਸ ਪਾਸ ਦੇ ਨੀਲੇ ਕਾਰਡ ਧਾਰਕ ਪਰੇਸ਼ਾਨ ਹਨ ਕਿਉਂਕਿ ਇਲਾਕੇ ਦੇ ਕਈ ਲੋਕਾਂ ਨੂੰ ਇਸ ਵਾਰ ਸਰਕਾਰੀ ਰਾਸ਼ਨ ਦੀ ਸੁਵਿਧਾ ਨਹੀਂ ਮਿਲ ਰਹੀ ਹੈ। ਰੋਜ਼ਾਨਾ ਹਜ਼ਾਰਾਂ ਲੋਕ ਖੁਰਾਕ ਸਿਵਲ ਸਪਲਾਈ ਦਫ਼ਤਰ ਵਿੱਚ ਪਹੁੰਚ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।
ਕਈ ਲੋਕਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਦਾਲ ਨਹੀਂ ਦਿੱਤੀ ਗਈ ਅਤੇ ਕਈ ਲੋਕਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂਅ ਕਾਰਡ ਤੋਂ ਕੱਟ ਦਿੱਤੇ ਗਏ ਹਨ ਅਤੇ ਕਈ ਲੋਕਾਂ ਦੇ ਕਾਰਡ ਮਸ਼ੀਨ ਵਿੱਚ ਦਰਜ ਹੀ ਨਹੀਂ ਹਨ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੁਰਾਲੀ ਦੇ ਡਿਪੂਆਂ ਉੱਤੇ ਆਈ ਕਣਕ ਦੀ ਜਾਂਚ ਕੀਤੀ ਜਾਵੇ ਕਿ ਉਹ ਕਿਨ੍ਹਾਂ-ਕਿਨ੍ਹਾਂ ਲੋਕਾਂ ਤੱਕ ਪਹੁੰਚੀ ਹੈ।
ਇਸ ਮੌਕੇ ਪਿੰਡ ਨਿਹੋਲਕਾ ਨਿਵਾਸੀ ਸਤਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਅੱਧੇ ਕਾਰਡ ਧਾਰਕਾਂ ਨੂੰ ਕਣਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਕਣਕ ਹਰੀ ਹੈ ਪਰ ਡਿਪੂ ਹੋਲਡਰ ਪਰੇਸ਼ਾਨ ਕਰ ਰਹੇ ਹਨ।
ਇਕ ਪਿੰਡ ਵਾਸੀ ਨੇ ਕਿਹਾ ਕਿ ਜੇਕਰ ਪਰਿਵਾਰ ਦੇ ਪੰਜ ਮੈਂਬਰ ਹਨ ਤਾਂ ਤਿੰਨ ਨੂੰ ਰਾਸ਼ਨ ਦਿੱਤਾ ਗਿਆ ਦੋ ਨੂੰ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਦਫਤਰਾਂ ਦੇ ਚੱਕਰ ਮਾਰ ਮਾਰ ਕੇ ਪਰੇਸ਼ਾਨ ਹੋ ਚੁੱਕੇ ਹਨ।
ਇਸ ਸਬੰਧੀ ਜਦੋਂ ਏਐਫਐਸਓ ਜਗਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਸ਼ੀਨ ਵਿੱਚ ਜਿਸ ਵਿਅਕਤੀ ਦਾ ਨਾਂਅ ਹੈ ਉਹ ਕਣਕ ਉਸ ਨੂੰ ਦੇ ਸਕਦੇ ਹਨ। ਇਸ ਤੋਂ ਬਿਨਾਂ ਕਿਸੇ ਨੂੰ ਕਣਕ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ 3 ਕਿੱਲੋ ਦਾਲ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਫੀ ਲੋਕਾਂ ਦੇ ਕਾਰਡ ਕੱਟ ਦਿੱਤੇ ਗਏ ਹਨ ਪਰ ਹੁਣ ਉਨ੍ਹਾਂ ਤੋਂ ਮੁੜ ਆਧਾਰ ਕਾਰਡ ਲੈ ਰਹੇ ਹਨ ਅਤੇ ਉਨ੍ਹਾਂ ਆਧਾਰ ਕਾਰਡਾਂ ਦੇ ਨੰਬਰਾਂ ਨੂੰ ਮਸ਼ੀਨ ਵਿੱਚ ਦੁਬਾਰਾ ਫੀਡ ਕੀਤਾ ਜਾਵੇਗਾ।