ਚੰਡੀਗੜ੍ਹ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਵਾਇਰਸ ਮਹਾਂਮਰੀ ਦੇ ਸੰਕਟ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਦੇ ਉਪਰਾਲੇ ਤਹਿਤ ਮੋਹਾਲੀ ਦੇ ਫ਼ੇਜ਼ 5 ਅਤੇ ਸੈਕਟਰ 70 ਵਿਖੇ 1100 ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ। ਇਨ੍ਹਾਂ ਪੈਕੇਟਾਂ ਵਿਚ ਤੇਲ, ਚੌਲ, ਆਟੇ ਸਮੇਤ ਨਿੱਤ ਵਰਤੋਂ ਦੀਆਂ ਹੋਰ ਜ਼ਰੂਰੀ ਵਸਤਾਂ ਸਨ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋੜਵੰਦਾਂ ਲੋਕਾਂ ਦੀ ਬਾਂਹ ਫੜਨਾ ਹਰ ਕਿਸੇ ਦਾ ਸਮਾਜਿਕ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰੂ ਬੀਮਾਰੀ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਕਾਰਨ ਕਈ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਤੇ ਸਭ ਤੋਂ ਵੱਧ ਮਾਰ ਗ਼ਰੀਬ ਲੋਕਾਂ ਨੂੰ ਪਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਕਈ ਦਿਨਾਂ ਤੋਂ ਵੱਖ-ਵੱਖ ਥਾਈਂ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਮੁਹਈਆ ਕਰਵਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਖਾਣ-ਪੀਣ ਸਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸਿੱਧੂ ਨੇ ਦਸਿਆ ਕਿ ਉਨਾਂ ਫ਼ੇਜ਼ 5 ਵਿਖੇ 500 ਅਤੇ ਸੈਕਟਰ 70 ਵਿਖੇ 600 ਪੈਕਟ ਰਾਸ਼ਨ ਵੰਡਿਆ ਹੈ। ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਤੋਂ ਬਚਣ ਲਈ ਉਹ ਅਪਣੇ ਘਰਾਂ ਅੰਦਰ ਹੀ ਰਹਿਣ ਅਤੇ ਬਹੁਤ ਜ਼ਿਆਦਾ ਲੋੜ ਪੈਣ ‘ਤੇ ਹੀ ਬਾਹਰ ਨਿਕਲਣ।