ਚੰਡੀਗੜ੍ਹ: ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦੇ ਸਬੰਧ ਵਿਚ ਕੁੱਝ ਲੋਕਾਂ ਦੇ ਮਨਾਂ ਅੰਦਰ ਪੈਦਾ ਹੋਏ ਡਰ ਅਤੇ ਤੌਖਲਿਆਂ ਨੂੰ ਦੂਰ ਕਰਨ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਦੇ ਦੇਹ ਦਾ ਸਰਕਾਰ ਜਾਂ ਦਫ਼ਨਾਉਣ ਨਾਲ ਨਾ ਤਾਂ ਵਾਤਾਵਰਣ ਵਿੱਚ ਇਹ ਮਾਰੂ ਬੀਮਾਰੀ ਫੈਲਦੀ ਹੈ, ਅਤੇ ਨਾ ਹੀ ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੂੰ ਇਹ ਬੀਮਾਰੀ ਲੱਗਣ ਦਾ ਕੋਈ ਖ਼ਤਰਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਦੇਹ ਦਾ ਸਸਕਾਰ ਅਤੇ ਦਫਨਾਉਣ ਦੌਰਾਨ ਲਾਗ ਦਾ ਕੋਈ ਖ਼ਤਰਾ ਨਹੀਂ ਅਤੇ ਅਧਿਕਾਰੀ ਜ਼ਰੂਰੀ ਅਹਿਤਿਆਤ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਮ ਰਸਮਾਂ ਕਰਨ ਵਾਲੇ ਵਿਅਕਤੀਆਂ ਲਈ ਮਾਸਕ, ਦਸਤਾਨਿਆਂ ਦੀ ਵਰਤੋਂ ਅਤੇ ਹੱਥਾਂ ਦੀ ਸਫ਼ਾਈ ਯਕੀਨੀ ਕੀਤੀ ਜਾਣੀ ਚਾਹੀਦੀ ਹੈ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਵਾਇਰਸ ਦੇ ਹਵਾ ਵਿੱਚ ਫੈਲਣ ਦਾ ਹਾਲੇ ਤਕ ਕੋਈ ਸਬੂਤ ਮੌਜੂਦ ਨਹੀਂ ਕਿਉਂਕਿ ਮਰੀਜ਼ ਦੇ ਛਿੱਕਣ ਜਾਂ ਖੰਘਣ ਨਾਲ ਬਾਹਰ ਆਏ ਤਰਲ ਕਣਾਂ ਨਾਲ ਹੀ ਇਹ ਬੀਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲੱਗ ਸਕਦੀ ਹੈ। ਸਲਾਹ ਪੱਤਰੀ ਵਿਚ ਕਿਹਾ ਗਿਆ ਹੈ, "ਦੇਹ ਸਸਕਾਰ ਦੌਰਾਨ 800 ਤੋਂ 1000 ਡਿਗਰੀ ਸੈਲਸੀਅਸ ਤਕ ਤਾਪਮਾਨ ਹੁੰਦਾ ਹੈ। ਜਿਸ ਵਿਚ ਵਾਇਰਸ ਜਿਊਂਦਾ ਨਹੀਂ ਰਹਿ ਸਕਦਾ। ਹਾਲੇ ਤਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਲਾਸ਼ ਨੂੰ ਅੱਗ ਲਾਉਣ 'ਤੇ ਧੂੰਏਂ ਨਾਲ ਕੋਰੋਨਾ ਵਾਇਰਸ ਫੈਲਦਾ ਹੈ।"
ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੀ ਲਾਸ਼ ਨਾਲ ਸਿਹਤ ਕਾਮਿਆਂ, ਪਰਿਵਾਰ ਦੇ ਜੀਆਂ ਜਾਂ ਇਲਾਕੇ ਦੇ ਲੋਕਾਂ ਨੂੰ ਇਹ ਬੀਮਾਰੀ ਲੱਗਣ ਦਾ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਜੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਤਾਂ ਸਸਕਾਰ ਨਾਲ ਕੋਈ ਬੁਰਾ ਅਸਰ ਨਹੀਂ ਪੈਂਦਾ, ਰਾਖ ਨਾਲ ਵੀ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਮ ਸਸਕਾਰ ਦੀਆਂ ਰਸਮਾਂ ਮਗਰੋਂ ਰਾਖ ਇਕੱਠੀ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ, ਰਿਸ਼ਤੇਦਾਰਾਂ ਨੂੰ ਮੂੰਹ ਵਿਖਾਉਣਾ ਅਤੇ ਧਾਰਮਕ ਰਸਮਾਂ ਜਿਵੇਂ ਧਾਰਮਕ ਪਾਠ ਪੜਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਮ ਰਸਮਾਂ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਕੀਤੀਆਂ ਜਾ ਸਕਦੀਆਂ ਹਨ।