ਮੋਹਾਲੀ: ਸ਼ਹਿਰ ਦੇ ਅੰਤਰਰਾਸ਼ਟਰੀ ਬੱਸ ਸਟੈਂਡ ਅਕਾਲੀ ਸਰਕਾਰ ਵੇਲੇ ਮੰਨਜ਼ੂਰ ਹੋਇਆ ਸੀ ਤੇ ਇਸ ਪ੍ਰਾਜੈਕਟ ਅੰਦਰ ਤਿੰਨ ਟਾਵਰ ਬਣਦੇ ਸਨ ਜਿਸ ਵਿੱਚ ਕਮਰਸ਼ੀਅਲ ਦੁਕਾਨਾਂ, ਮਾਲ, ਸ਼ੋਅਰੂਮ, ਏਸੀ ਬੱਸ ਸਟੈਂਡ, ਮਲਟੀਪਲੈਕਸ ਥੀਏਟਰ, ਹੈਲੀਪੈਡ, 7 ਤਾਰਾ ਹੋਟਲ ਆਦਿ ਸ਼ਾਮਲ ਸਨ। ਇਹ ਪ੍ਰਾਜੈਕਟ 2011 ਵਿੱਚ ਮੁਕੰਮਲ ਹੋਣਾ ਸੀ ਅਤੇ ਇਸ ਦੀ ਲਾਗਤ 350 ਕਰੋੜ ਰੁਪਏ, ਪਰ ਪ੍ਰਾਜੈਕਟ ਵਿੱਚ ਦੇਰੀ ਹੋਣ ਕਰਕੇ ਲਾਗ਼ਤ 700 ਕਰੋੜ ਰੁਪਏ ਤੱਕ ਪਹੁੰਚ ਗਈ।
ਲੋਕਾਂ ਕੋਲੋਂ ਦੁਕਾਨਾਂ ਅਤੇ ਸ਼ੋਅਰੂਮ ਦੇਣ ਲਈ ਪੈਸੇ ਲਏ ਗਏ, ਜਿਨ੍ਹਾਂ ਵਿੱਚ ਸ਼ੋਅਰੂਮ ਦੀ ਕੀਮਤ ਲਗਭਗ ਇੱਕ ਕਰੋੜ ਰੁਪਏ ਸੀ। ਲੋਕਾਂ ਨੇ 30 ਤੋਂ 90 ਪ੍ਰਤੀਸ਼ਤ ਪੈਸਾ ਅਦਾ ਕਰ ਦਿੱਤਾ। ਇਨ੍ਹਾਂ ਨੂੰ ਅਲਾਟਮੈਂਟ ਲੈਟਰ ਵੀ ਦੇ ਦਿੱਤੇ ਗਏ ਅਤੇ ਨਾਲ ਹੀ ਕੰਪਨੀ ਨੇ ਵਾਅਦਾ ਕੀਤਾ ਕਿ ਜੇਕਰ ਸਮੇਂ ਮੁਤਾਬਿਕ ਉਹ ਪ੍ਰਾਜੈਕਟ ਮੁਕੰਮਲ ਨਹੀਂ ਕਰਦੀ ਤਾਂ 18 ਪ੍ਰਤੀਸ਼ਤ ਵਿਆਜ ਨਾਲ ਪੈਸਾ ਵਾਪਸ ਦਿੱਤਾ ਜਾਵੇਗਾ, ਪਰ 2012 ਦੇ ਦਸੰਬਰ ਨੂੰ ਮਿਲਣ ਵਾਲੀਆਂ ਦੁਕਾਨਾਂ ਅੱਜ ਤੱਕ ਨਹੀਂ ਮਿਲੀਆਂ। ਸਟੈਂਡ ਦਾ ਉਦਘਾਟਨ 2016 ਵਿੱਚ ਹੋਇਆ, ਪਰ ਬਾਕੀ ਦੇ ਪ੍ਰਾਜੈਕਟ ਵਿਚਕਾਰ ਹੀ ਬੰਦ ਹੋ ਗਏ ਜਿਸ ਤੋਂ ਬਾਅਦ ਲੋਕਾਂ ਵਲੋਂ ਰੋਸ ਜ਼ਾਹਿਰ ਕੀਤਾ ਅਤੇ ਕੰਪਨੀ ਸੀਐਂਡਸੀ ਦੇ ਮਾਲਕਾਂ ਉੱਤੇ ਲਗਭਗ 4 ਐਫਆਈਆਰ ਦਰਜ ਹੋਈਆਂ ਅਤੇ ਅਤੇ 100 ਦੇ ਕਰੀਬ ਦਰਖ਼ਾਸਤਾਂ ਐਸਐਸਪੀ ਆਫਿਸ ਦੇ ਵਿੱਚ ਪੈਂਡਿੰਗ ਪਈਆਂ ਹੋਈਆਂ ਹਨ।
ਫਿਰ ਇਹ ਮਾਮਲਾ ਕੋਰਟ ਵਿੱਚ ਚਲਾ ਗਿਆ ਜਿਸ ਤੋਂ ਬਾਅਦ ਕੋਰਟ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਲਈ ਕਿਹਾ ਗਿਆ, ਪਰ ਇਨ੍ਹਾਂ ਦੀ ਲੰਬਾ ਸਮਾਂ ਗ੍ਰਿਫ਼ਤਾਰੀ ਨਹੀਂ ਹੋਈ। ਇਨ੍ਹਾਂ ਨੂੰ ਭਗੌੜੇ ਐਲਾਨ ਦਿੱਤਾ ਗਿਆ, ਪਰ ਹੁਣ ਸੀਐਂਡਸੀ ਕੰਪਨੀ ਦੇ ਡਾਇਰੈਕਟਰ ਸੰਜੇ ਗੁਪਤਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਨੂੰ ਸ਼ੁਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ, ਪਰ ਇੱਥੇ ਦੱਸਣਾ ਬਣਦਾ ਹੈ ਕਿ ਹਾਲੇ ਵੀ ਮੁਲਜ਼ਮ ਗੁਰਜੋਤ ਸਿੰਘ ਜੌਹਰ, ਰਾਜਵੀਰ ਸਿੰਘ, ਚਰਨਵੀਰ ਸਿੰਘ ਸੇਠੀ, ਸੀਵੀਐਸ ਸਹਿਗਲ ਆਦਿ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹਨ। ਇਨ੍ਹਾਂ ਵੱਲੋਂ ਅਲੱਗ ਅਲੱਗ ਲੋਕਾਂ ਤੋਂ 100 ਕਰੋੜ ਰੁਪਏ ਦੇ ਕਰੀਬ ਪੈਸਾ ਲਿਆ ਗਿਆ ਹੈ।
ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੰਜੇ ਗੁਪਤਾ ਨੂੰ ਕੋਰਟ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਹੈ। ਇਸ ਉੱਪਰ ਲੋਕਾਂ ਨਾਲ ਕਰੋੜ ਰੁਪਏ ਦੀ ਠੱਗੀ ਠੋਰੀ ਕਰਨ ਦੇ ਦੋਸ਼ ਹਨ ਅਤੇ ਇਸ ਦੇ ਦੋ ਸਾਥੀ ਹੋਰ ਵੀ ਗ੍ਰਿਫ਼ਤਾਰ ਕਰਨੇ ਹਨ।
ਇਹ ਵੀ ਪੜ੍ਹੋ: 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਹੰਗਾਮਾ, ਮਾਫ਼ੀ ਮੰਗਣ ਤੋਂ ਰਾਹੁਲ ਦਾ ਸਾਫ਼ ਇਨਕਾਰ