ਮੋਹਾਲੀ: ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 8 ਪੰਜਾਬੀ ਨੌਜਵਾਨ ਆਖ਼ਿਰਕਾਰ ਵਤਨ ਪਰਤ ਆਏ ਹਨ। ਜਾਣਕਾਰੀ ਮੁਤਾਬਕ ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 29 ਭਾਰਤੀ ਦੁਬਈ 'ਚ ਸੜਕਾਂ 'ਤੇ ਆ ਗਏ ਸਨ।
ਸਮਾਜ–ਸੇਵਕ ਐੱਸਪੀ ਓਬਰਾਏ ਨੇ ਦੱਸਿਆ ਕਿ 21 ਨੌਜਵਾਨ ਹਲੇ ਵੀ ਦੁਬਈ ’ਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਯਾਤਰਾ–ਦਸਤਾਵੇਜ਼ ਹਾਲੇ ਮੁਕੰਮਲ ਨਹੀਂ ਸਨ। ਜਿਹੜੇ 8 ਨੌਜਵਾਨਾਂ ਦੇ ਦਸਤਾਵੇਜ਼ ਸਹੀ ਸਨ, ਸਿਰਫ਼ ਉਹੀ ਅੱਜ ਵਤਨ ਪਰਤ ਸਕੇ ਹਨ। ਓਬਰਾਏ ਨੇ ਕਿਹਾ ਕਿ ਬਾਕੀ ਸਾਰੇ ਨੌਜਵਾਨ ਵੀ ਅਗਲੇ ਕੁਝ ਦਿਨਾਂ ਅੰਦਰ ਵਤਨ ਪਰਤ ਆਉਣਗੇ। ਤਦ ਤੱਕ ਉਹ ਸਾਰੇ ਦੁਬਈ ’ਚ ਰਹਿਣਗੇ।
ਦੱਸਣਯੋਗ ਹੈ ਕਿ ਇਹ ਸਾਰੇ ਨੌਜਵਾਨ ਲਗਭਗ ਤਿੰਨ ਤੋਂ ਛੇ ਮਹੀਨੇ ਪਹਿਲਾਂ ਦੁਬਈ ਸਥਿਤ ਮਦਲ ਫਜ ਸਕਿਓਰਿਟੀ ਸਰਵਿਸੇਜ਼ ’ਚ ਨੌਕਰੀ ਕਰਨ ਲਈ ਦੁਬਈ ਗਏ ਸਨ ਪਰ ਉਸ ਕੰਪਨੀ ਦਾ ਮਾਲਕ ਹੀ ਗ਼ਾਇਬ ਹੋ ਗਿਆ ਤੇ ਜਿਸ ਕੈਂਪ ’ਚ ਉਹ ਰਹਿ ਰਹੇ ਸਨ, ਉੱਥੋਂ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ। ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ। ਜਿਸ ਕਾਰਨ ਉਹ ਸੜਕ ’ਤੇ ਆ ਗਏ। ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਹ ਉੱਥੇ ਰੋਟੀ ਖਾਣ ਤੋਂ ਵੀ ਮੁਹਤਾਜ ਹੋ ਗਏ।