ਮੋਹਾਲੀ: ਜ਼ੋਮੈਟੋ ਲਈ ਡਿਲੀਵਰੀ ਦਾ ਕੰਮ ਕਰਦਾ 25 ਸਾਲਾ ਹਰਜੀਤ ਸਿੰਘ ਇੱਕ ਰੇਸਤਰਾਂ ਤੋਂ ਆਰਡਰ ਲੈ ਕੇ ਫੇਜ਼ 11 ਵੱਲ ਜਾ ਰਿਹਾ ਸੀ ਪਰ ਅਚਾਨਕ ਉਹ ਕ੍ਰਿਕਟ ਸਟੇਡੀਅਮ ਵਿੱਚੋਂ ਨਿਕਲੀ ਤੇਜ਼ ਰਫ਼ਤਾਰ ਨਾਲ ਪਜੈਰੋ ਗੱਡੀ ਵਿੱਚ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਨੌਜਵਾਨ ਦੂਰ ਜਾ ਕੇ ਡਿੱਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਦੀ ਹਸਪਤਾਲ ਪਹੁੰਚ ਕੇ ਇਲਾਜ ਦੌਰਾਨ ਮੌਤ ਹੋ ਗਈ।
ਜ਼ੋਰਦਾਰ ਟੱਕਰ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਏ ਹਰਜੀਤ ਸਿੰਘ ਨੂੰ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਹਰਜੀਤ ਸਿੰਘ 25 ਸਾਲ ਦਾ ਸੀ ਤੇ ਇਸ ਵੇਲੇ ਫੇਸ 11 ਵਿਖੇ ਕਿਰਾਏ ਉੱਪਰ ਰਹਿ ਰਿਹਾ ਸੀ।
ਦੱਸ ਦੇਈਏ ਕਿ ਹਰਜੀਤ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਉਸ ਦੇ ਪਿਤਾ ਅਤੇ ਇੱਕ ਭੈਣ ਹੈ ਜਿਸ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਹੈ। ਦੂਜੇ ਪਾਸੇ ਦੱਸਣਾ ਬਣਦਾ ਹੈ ਕਿ ਜ਼ੋਮੈਟੋ ਬੁਆਏ ਵੱਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਨੇ ਸਵਾਲ ਚੁੱਕੇ ਕਿ ਪੀਸੀਏ ਸਟੇਡੀਅਮ ਵਿੱਚੋਂ ਪਜੈਰੋ ਗੱਡੀ ਵਿੱਚੋਂ ਨਿਕਲਣ ਵਾਲਾ ਵਿਅਕਤੀ ਕੋਈ ਵੱਡੀ ਸ਼ਖ਼ਸੀਅਤ ਸੀ ਜਿਸ ਕਰਕੇ ਪੁਲਿਸ ਢਿੱਲੀ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ।
ਉਹ ਕਿਸੇ ਤਰ੍ਹਾਂ ਦੇ ਪੈਸੇ ਦੀ ਮੰਗ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੁਣ ਤੱਕ ਪੁਲਿਸ ਨੇ ਮੈਡੀਕਲ ਨਹੀਂ ਕਰਵਾਇਆ, ਉਨ੍ਹਾਂ ਦੇ ਦਬਾਅ ਬਣਾਉਣ ਤੋਂ ਬਾਅਦ ਹੀ ਪੁਲਿਸ ਵੱਲੋਂ ਮੈਡੀਕਲ ਕਰਵਾਇਆ ਗਿਆ। ਜਦੋਂ ਇਸ ਸਬੰਧੀ ਟੀਮ ਵੱਲੋਂ ਐਸਐਚਓ ਨੂੰ ਵਾਰ-ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉੱਥੋਂ ਮੌਜੂਦ ਡਿਊਟੀ ਉੱਤੇ ਅਫ਼ਸਰਾਂ ਨੇ ਇਹ ਕਿਹਾ ਕਿ ਉਹ ਸਵੇਰ ਦੇ ਸਟੇਡੀਅਮ ਵਿੱਚ ਡਿਊਟੀ ਉੱਤੇ ਤੈਨਾਤ ਹਨ। ਉਧਰ ਏਐਸਆਈ ਜੋ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ, ਉਹ ਵੀ ਥਾਣੇ ਵਿੱਚ ਮੌਜੂਦ ਨਹੀਂ ਮਿਲੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਰਹੀ ਸਕਰਾਤਮਕ
ਦੱਸਣਯੋਗ ਹੈ ਕਿ ਇਸ ਹਫ਼ਤੇ ਵਿੱਚ ਜ਼ੋਮੈਟੋ ਡਿਲਵਰੀ ਬੁਆਏ ਦੀ ਹੋਣ ਵਾਲੇ ਸੜਕ ਹਾਦਸੇ ਵਿੱਚ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਵੀ ਇਸੇ ਹਫ਼ਤੇ ਖਰੜ ਨੇੜੇ ਇੱਕ ਜ਼ੋਮੈਟੋ ਡਿਲਵਰੀ ਬੁਆਏ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।