ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ 20 ਤੋਂ 25 ਫੀਸਦ ਬੱਚਤ (Water Saving) ਹੋ ਜਾਂਦੀ ਹੈ ਅਤੇ ਲੇਬਰ ਦੇ ਖਰਚ ਦੀ ਵੀ ਬੱਚਤ ਹੋ ਜਾਂਦੀ ਹੈ। ਉਥੇ ਹੀ ਐਸ.ਡੀ.ਐਮ. ਕਨੂੰ ਗਰਗ ਨੇ ਪਿੰਡ ਅਗੰਮਪੁਰ ਟੱਪਰੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰਫੁੱਲਿਤ ਕੀਤਾ।
ਇਹ ਵੀ ਪੜੋ: ਇਨਸਾਫ਼ ਦੀ ਮੰਗ ਨੂੰ ਲੈਕੇ ਦੇਰ ਰਾਤ ਲੋਕਾਂ ਵੱਲੋਂ ਡੀ.ਸੀ ਦਫ਼ਤਰ ਬਾਹਰ ਪ੍ਰਦਰਸ਼ਨ
ਪਿੰਡ ਦੇ ਕਿਸਾਨ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਉਸ ਨੇ 2 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਤੇ ਹਰ ਸਾਲ ਉਹ ਇਸ ਦਾ ਰਕਬਾ ਵਧਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਜਿੱਥੇ ਪਹਿਲਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਹੁਣ ਉਸ ਨੂੰ ਲਾਭ ਹੋ ਰਿਹਾ ਹੈ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਕਨੂੰ ਗਰਗ ਨੇ ਕਿਹਾ ਕਿ ਕੋਰੋਨਾ ਕਾਰਨ ਲੇਬਰ ਦੀ ਕਮੀ ਆ ਰਹੀ ਹੈ ਜਿਸ ਕਾਰਨ ਅਸੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਨਾਲ ਕਾਫੀ ਲਾਭ ਹੁੰਦਾ ਹੈ ਤੇ ਪਾਣੀ ਦੀ ਵੀ ਬੱਚਤ (Water Saving) ਹੁੰਦੀ ਹੈ।
10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰੋ
ਉਥੇ ਹੀ ਡਾ.ਅਵਤਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਿਸੇ ਵੀ ਹਾਲਤ ਵਿੱਚ ਨਾਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ.ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 20-21 ਦਿਨਾਂ ਬਾਅਦ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਤਰਵੱਤਰ ਵਿੱਚ ਬਿਜਾਈ ਕਰਨ ਉਪਰੰਤ ਪਾਣੀ ਦੇਰ ਨਾਲ ਲਗਾਉਣ ਝੋਨੇ ਦੇ ਬੂਟੇ ਦੀਆਂ ਜੜਾਂ ਡੂੰਘੀਆਂ ਜਾਂਦੀਆ ਹਨ ਜਿਸ ਨਾਲ ਛੋਟੇ ਤੱਤਾਂ ਦੀ ਘਾਟ ਨਹੀਂ ਆਉਂਦੀ ਅਤੇ ਪਾਣੀ ਦੀ ਬੱਚਤ (Water Saving) ਵੀ ਹੋ ਜਾਂਦੀ ਹੈ।
ਸਿੱਧੀ ਬਿਜਾਈ ਦੀ ਤਕਨੀਕ
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿੱਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ 24 ਗ੍ਰਾਮ ਸਪਰਿੰਟ ਦਵਾਈ ਨੂੰ 100 ਮਿਲੀ ਲਿਟਰ ਪਾਣੀ ਵਿੱਚ ਘੋਲ ਕੇ 8 ਕਿਲੋ ਨੂੰ ਲੇਪ ਕਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਛਿੜਕਾਅ ਬਿਜਾਈ ਤੋਂ 15-25 ਦਿਨਾਂ ਬਾਅਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਇਸ ਵਿਧੀ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਕਈ ਕਿਸਾਨ ਪਹਿਲੀ ਵਾਰ ਇਸ ਵਿਧੀ ਨੂੰ ਅਪਣਾ ਰਹੇ ਹਨ ਇਸ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨਾਂ ਆਵੇ।
ਇਹ ਵੀ ਪੜੋ: ਮਾਨਸਾ ਰੇਲਵੇ ਸਟੇਸ਼ਨ ਤੋਂ ਸੈਂਕੜੇ ਕਿਸਾਨ ਦਿੱਲੀ ਲਈ ਹੋਏ ਰਵਾਨਾ