ਰੋਪੜ: ਲਗਾਤਾਰ ਕਈ ਘੰਟਿਆਂ ਦੇ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਪਾਣੀ ਵਧਣ ਦਾ ਸਭ ਤੋਂ ਵੱਧ ਅਸਰ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋਇਆ ਹੈ। ਸ਼ਹਿਰ 'ਚ ਸਤਲੁਜ ਦਰਿਆ ਕੰਡੇ ਵੱਸੇ ਝੁੱਗੀ ਝੋਪੜੀਆਂ ਵਾਲੇ ਬੇਘਰ ਹੋ ਗਏ ਹਨ।
ਦੇਰ ਰਾਤ ਕਰੀਬ 1 ਵਜੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਨ੍ਹਾਂ ਦੀਆਂ ਝੁੱਗੀਆਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ। ਇਸ ਮਗਰੋਂ ਇਹ ਗਰੀਬ ਲੋਕ ਹੁਣ ਆਪਣੇ ਪਰਿਵਾਰਾਂ ਨਾਲ ਸੜਕਾਂ 'ਤੇ ਬੈਠੇ ਹਨ ਨੂੰ ਅਤੇ ਆਪਣੇ ਪਸ਼ੂਆਂ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ।
ਕੁੱਝ ਲੋਕ ਆਪਣਾ ਬਚਿਆ ਸਮਾਨ ਟਰੱਕਾਂ 'ਤੇ ਲੱਦ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਹੜ੍ਹ ਵਾਲੀ ਸਥਿਤੀ ਆਉਣ ਤੋਂ ਇੱਕ ਮਹੀਨਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਮੀਟਿੰਗਾਂ ਵਿੱਚ ਹੜ੍ਹ ਦੀ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਵਾਸਤੇ ਦਾਅਵੇ ਵੀ ਕੀਤੇ ਗਏ ਸਨ ਪਰ ਇਹ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਪ੍ਰਸ਼ਾਸਨ ਦੇ ਜ਼ਿਆਦਾਤਰ ਦਾਅਵੇ ਖੋਖਲੇ ਸਾਬਤ ਹੋਏ ਹਨ।