ਰੋਪੜ: ਜ਼ਿਲ੍ਹੇ ਵਿੱਚ ਮੌਜੂਦ ਪਿੰਡਾਂ ਦੇ ਵਿੱਚ ਪੇਂਡੂ ਚੌਕੀਦਾਰਾਂ ਨੂੰ ਸਰਕਾਰ ਪਿਛਲੇ 9 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਦੇ ਰਹੀ ਜਿਸ ਦੇ ਵਿਰੋਧ ਦੇ ਚੱਲਦੇ ਅੱਜ ਪੇਂਡੂ ਚੌਕੀਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।
ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਉਹ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ।
ਅੱਜ ਉਹ ਇਸ ਮਾਮਲੇ ਸਬੰਧੀ ਰੂਪਨਗਰ ਦੇ ਕਮਿਸ਼ਨਰ ਨੂੰ ਆਪਣਾ ਬੇਨਤੀ ਪੱਤਰ ਦੇਣ ਜਾ ਰਹੇ ਹਨ। ਇਨ੍ਹਾਂ ਪੇਂਡੂ ਚੌਕੀਦਾਰਾਂ ਨੇ ਮੰਗ ਕੀਤੀ ਕਿ ਇਨ੍ਹਾਂ ਦਾ ਅਤੇ ਇਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਮਹਿੰਗਾਈ ਦੇ ਯੁੱਗ ਵਿੱਚ ਬਹੁਤ ਹੀ ਮੁਸ਼ਕਲ ਨਾਲ ਹੁੰਦਾ ਹੈ। 9 ਮਹੀਨਿਆਂ ਤੋਂ ਮਾਣ ਭੱਤਾ ਨਾ ਮਿਲਣ ਕਰਕੇ ਉਹ ਬਹੁਤ ਪਰੇਸ਼ਾਨ ਹਨ। ਸਰਕਾਰ ਇਨ੍ਹਾਂ ਦਾ ਪੈਸਾ ਜਾਰੀ ਕਰੇ।
ਪਿੰਡਾਂ ਵਿੱਚ ਚੌਕੀਦਾਰ ਦੀ ਡਿਊਟੀ ਨਿਭਾ ਰਹੇ ਇਹ ਚੌਕੀਦਾਰ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਦਾ ਮਾਣ ਭੱਤਾ ਅਜੇ ਤੱਕ ਵੀ ਜਾਰੀ ਨਹੀਂ ਕੀਤਾ ਜਾ ਰਿਹਾ।