ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਵਾਹਨ ਪਾਲਿਸੀ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਵਿੱਚ ਕੀਤੀ ਗਈ ਸੀ ਅਤੇ 8 ਮਹੀਨਿਆਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਦਾ ਡਾਟਾ ਬੀਤੇ ਦਿਨੀ ਨਿਯੁਕਤੀ ਪੱਤਰ ਵੰਡ ਸਮਾਗਮ ਦੇ ਵਿੱਚ ਜਨਤਕ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਹੈ ਕਿ ਦੇਸ਼ ਦੀ ਇਹ ਇੱਕ ਅਜਿਹੀ ਇੱਕਲੋਤੀ ਪਾਲਿਸੀ ਹੈ ਜੋ ਪੰਜਾਬ ਵਿੱਚ ਚਲਦੀ ਹੈ ਅਤੇ ਇਸ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ 45 ਫੀਸਦੀ ਘਟੀ ਹੈ। ਉਹਨਾਂ ਕਿਹਾ ਕਿ ਸੜਕ ਹਾਦਸਿਆਂ ਦੇ ਵਿੱਚ ਲੋਕਾਂ ਦੀ ਜਾਨ ਵੱਡੇ ਪੱਧਰ ਉੱਤੇ ਜਾਂਦੀ ਸੀ ਪਰ ਇਸ ਪਾਲਿਸੀ ਦੇ ਨਾਲ ਮੁਲਾਜ਼ਮ ਹਾਈਵੇ ਉੱਤੇ ਤਾਇਨਾਤ ਰਹਿੰਦੇ ਹਨ ਅਤੇ 112 ਨੰਬਰ ਉੱਤੇ ਡਾਇਲ ਕਰਨ ਦੇ ਨਾਲ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹ ਐਕਸ਼ਨ ਕਰਦੇ ਹਨ।
ਕੀ ਹੈ ਸੜਕ ਸੁਰੱਖਿਆ ਵਾਹਨ ਫੋਰਸ ?
ਪੰਜਾਬ ਸਰਕਾਰ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਇਹ ਸਕੀਮ ਲਾਂਚ ਕੀਤੀ ਗਈ ਸੀ ਜਿਸ ਦੇ ਤਹਿਤ ਨਵੀਆਂ ਰੈਪਿਡ ਰਿਸਪੋਂਸ ਕਾਰਾਂ ਇੱਕ ਨਵੀਂ ਫੋਰਸ ਬਣਾ ਕੇ ਉਹਨਾਂ ਨੂੰ ਸੌਂਪੀਆਂ ਗਈਆਂ ਸਨ,ਜਿਸ ਨੂੰ ਸੜਕ ਸੁਰੱਖਿਆ ਵਾਹਨ ਫੋਰਸ ਦਾ ਨਾਂ ਦਿੱਤਾ ਗਿਆ। ਇਹ ਵਾਹਨ ਪੰਜਾਬ ਦੇ ਨੈਸ਼ਨਲ ਹਾਈਵੇ ਅਤੇ ਹੋਰਨਾਂ ਸੜਕਾਂ ਉੱਤੇ ਤਾਇਨਾਤ ਰਹਿੰਦੇ ਹਨ ਅਤੇ ਜਦੋਂ ਵੀ ਕੋਈ ਸੜਕ ਹਾਦਸਾ ਵਾਪਰਦਾ ਹੈ ਜਾਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹ ਤੁਰੰਤ ਐਕਸ਼ਨ ਕਰਦੀਆਂ ਹਨ। 112 ਨੰਬਰ ਡਾਇਲ ਕਰਨ ਉੱਤੇ ਇਹ ਤੁਰੰਤ ਮੌਕੇ ਉੱਤੇ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਦੇ ਨਾਲ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵਾਹਨ ਕਰਕੇ ਜਾਮ ਲੱਗ ਜਾਵੇ ਤਾਂ ਉਸ ਬਾਹਰ ਨੂੰ ਹਟਵਾਉਂਦੇ ਹਨ। ਗੱਡੀ ਦੇ ਵਿੱਚ ਫਸਟ ਏਡ ਕਿੱਟ ਤਿਆਰ ਰਹਿੰਦੀ ਹੈ। ਜਿਸ ਨਾਲ ਇਹਨਾਂ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਿਹਤ ਸਹੂਲਤ ਦਿੱਤੀ ਜਾਂਦੀ ਹੈ, ਜਿਸ ਨਾਲ ਜਾਨ ਜਾਣ ਦਾ ਖਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਹ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਧੁੰਦ ਦੇ ਵਿੱਚ ਕਾਰ ਚਲਾਉਣ ਵੇਲੇ ਰਫਤਾਰ ਘੱਟ ਰੱਖਣ। ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਹਨ ਤਾਂ ਜੋ ਸੜਕ ਹਾਦਸਿਆਂ ਉੱਤੇ ਠੱਲ ਪਾਈ ਜਾ ਸਕੇ।
ਫੋਰਸ ਵੱਲੋਂ ਮਦਦ
ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਵੱਲੋਂ ਅੱਠ ਮਹੀਨੇ ਬਾਅਦ ਇਸ ਫੋਰਸ ਵੱਲੋਂ ਕੀਤੇ ਗਏ ਕੰਮ ਦਾ ਬਿਓਰਾ ਦਿੰਦੇ ਹੋਏ ਕਿਹਾ ਗਿਆ ਕਿ ਹੁਣ ਤੱਕ ਸੜਕ ਸੁਰੱਖਿਆ ਵਾਹਨ ਫੋਰਸ ਵੱਲੋਂ ਫਰਵਰੀ 2024 ਤੋਂ ਲੈ ਕੇ ਰੋਜ਼ਾਨਾ ਹੋਣ ਵਾਲੇ ਸੜਕ ਹਾਦਸਿਆਂ ਦੇ ਨਾਲ ਨਜਿੱਠਦੇ ਹੋਏ 17 ਹਜ਼ਾਰ 469 ਪੀੜਤਾਂ ਨੂੰ ਰੈਸਕਿਊ ਕੀਤਾ ਗਿਆ ਹੈ। ਅੱਠ ਮਹੀਨੇ ਦੇ ਵਿੱਚ ਐਵਰੇਜ ਰਿਸਪੋਂਸ ਟਾਈਮ 6 ਮਿੰਟ 42 ਸੈਕਿੰਡ ਕੱਢਿਆ ਗਿਆ ਹੈ। ਭਾਵ ਕਿ ਜੇਕਰ ਕੋਈ ਵੀ 112 ਨੰਬਰ ਉੱਤੇ ਮਦਦ ਲਈ ਡਾਇਲ ਕਰਦਾ ਹੈ ਤਾਂ ਇਹ ਫੋਰਸ ਸੱਤ ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਰਿਸਪਾਂਸ ਕਰਦੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਾਲ 2023 ਤੋਂ ਸਾਲ 2024 ਤੱਕ ਹੁਣ ਤੱਕ ਇਸ ਫੋਰਸ ਕਰਕੇ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਵਿੱਚ 45.55 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ।
ਮਾਣ ਵਾਲੀ ਗੱਲ
ਸੜਕ ਸੁਰੱਖਿਆ ਵਾਹਨ ਫੋਰਸ ਦੇ ਨਾਲ ਕੰਮ ਕਰਨ ਵਾਲੀ ਮਹਿਲਾ ਕਾਂਸਟੇਬਲ ਸੁਖਦੀਪ ਕੌਰ ਅਤੇ ਸਨਜੀਤ ਕੌਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਲੁਧਿਆਣਾ ਪੱਖੋਵਾਲ ਤੋਂ ਰਾਏਕੋਟ ਰੋਡ ਉੱਤੇ ਤਾਇਨਾਤ ਰਹਿੰਦੀਆਂ ਹਨ ਅਤੇ ਇਸ ਦੌਰਾਨ ਜਦੋਂ ਵੀ ਕੋਈ 112 ਨੰਬਰ ਉੱਤੇ ਉਹਨਾਂ ਦੇ ਹੈਡ ਆਫਿਸ ਫੋਨ ਕਰਦਾ ਹੈ ਤਾਂ ਤੁਰੰਤ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਲੋਕੇਸ਼ਨ ਸਾਂਝੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚ ਕੇ ਲੋਕਾਂ ਦੀ ਮਦਦ ਕਰਦੀਆਂ ਹਨ। ਜੇਕਰ ਕੋਈ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਹੁਣ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।