ਰੂਪਨਗਰ: ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ 46 ਨਵੇਂ ਮਾਮਲੇ ਕੋਰੋਨਾ ਪੌਜ਼ੀਟਿਵ ਆਏ ਹਨ। ਉਧਰ ਦੂਸਰੇ ਪਾਸੇ ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਸਬਜ਼ੀ ਫਰੂਟ ਵੇਚਣ ਵਾਲਿਆਂ ਨੂੰ ਸਿਰਫ਼ ਮੁਹੱਲਿਆਂ 'ਚ ਜਾ ਕੇ ਰੇਹੜੀਆਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਹ ਰੇਹੜੀ ਵਾਲੇ ਕਾਨੂੰਨ ਨੂੰ ਛਿੱਕੇ ਟੰਗ ਸਬਜ਼ੀ ਮੰਡੀ ਦੇ ਵਿੱਚ ਹੀ ਆਪਣੀਆਂ ਰੇਹੜੀਆਂ ਲਗਾ ਕੇ ਖੜ੍ਹੇ ਹਨ, ਜਿਸ ਨਾਲ ਇੱਥੇ ਆਮ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਸਥਾਨਕ ਐੱਮਸੀ ਅਮਰਜੀਤ ਸਿੰਘ ਜੌਲੀ ਵੀ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਸਿਰਫ਼ ਮੁਹੱਲਿਆਂ ਅਤੇ ਗਲੀਆਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਹ ਮੰਡੀ ਦੇ ਵਿੱਚ ਰੇਹੜੀਆਂ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਜੋ ਜ਼ਿਲ੍ਹੇ ਵਿੱਚ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇੱਕ ਪਾਸੇ ਸਿਹਤ ਵਿਭਾਗ ਵਾਰ-ਵਾਰ ਜਨਤਾ ਨੂੰ ਸਮਾਜਿਕ ਦੂਰੀ ਰੱਖਣ ਦੀ ਹਿਦਾਇਤ ਦੇ ਰਿਹਾ ਹੈ ਪਰ ਬਾਜ਼ਾਰ ਵਿੱਚ ਲੱਗੀਆਂ ਇਨ੍ਹਾਂ ਰੇਹੜੀਆਂ ਦੇ ਕਾਰਨ ਇਨ੍ਹਾਂ ਸਭ ਹਿਦਾਇਤਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।