ਰੋਪੜ: ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਉਨ੍ਹਾਂ ਖਿਲਾਫ਼ ਸੋਸ਼ਲ ਮੀਡੀਆ 'ਤੇ ਝੂਠਾ ਤੇ ਇਤਰਾਜ਼ਯੋਗ ਵੀਡੀਓ ਫੈਲਾਉਣ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਚੋਣ ਕਮਿਸ਼ਨ ਤੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਹੈ। ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਪ੍ਰੋ. ਵੀਐੱਨ ਤਿਵਾੜੀ ਦਿੱਲੀ 'ਚ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਿਲ ਸਨ।
ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਦੰਗਿਆਂ ਤੋਂ 6 ਮਹੀਨੇ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦਾ ਸਿੱਖ ਵਿਰੋਧੀ ਦੰਗਿਆਂ ਚ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਨੀਸ਼ ਤਿਵਾੜੀ ਦੇ ਚੋਣ ਏਜੰਟ ਪਵਨ ਕੁਮਾਰ ਦੀਵਾਨ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਜਿਹੇ ਗਲਤ ਵੀਡੀਓ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੀਆਂ ਮੁੱਖ ਵਿਰੋਧੀ ਧਿਰਾਂ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ।
ਉੱਥੇ ਹੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ਼ਆਈਆਰ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।