ਕੀਰਤਪੁਰ ਸਾਹਿਬ: ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਹਣੀ ਵਿਖੇ ਅੱਜ ਤੜਕਸਾਰ ਕਰੀਬ 4 ਵਜੇ ਇਕ ਟਰੱਕ-ਟਰਾਲੇ ਦੇ ਟਾਇਰਾਂ ਨੂੰ ਅਚਾਨਕ ਅੱਗ ਲੱਗ ਗਈ ਟਰਾਲੇ ਅਤੇ ਉਸ ਉਪਰ ਲੋਡ ਕੀਤਾ ਹੋਇਆ ਹੈਡਰੇ (Hydra machine) ਸਮੇਤ ਟਰੱਕ ਟਰਾਲਾ ਸੜ ਕੇ ਸੁਆਹ
ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਧਾਰਨ ਕਰ ਗਈ ਅਤੇ ਟਰਾਲੇ ਅਤੇ ਉਸ ਉਪਰ ਲੋਡ ਕੀਤਾ ਹੋਇਆ ਹੈਡਰੇ (Hydra machine) ਸਮੇਤ ਟਰੱਕ ਟਰਾਲਾ ਸੜ ਕੇ ਸੁਆਹ ਹੋ ਗਿਆ
ਇਸ ਦੌਰਾਨ ਹੀ ਪੀੜਤ ਟਰੱਕ ਚਾਲਕ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੇਰ ਚੌਂਕ ਪਾਸ ਤੋਂ ਹੈਡਰਾ ਲੋਡ ਕਰਕੇ ਭਰਤਗੜ੍ਹ ਨੂੰ ਆ ਰਿਹਾ ਸੀ। ਉੱਥੇ ਕਿਸੇ ਨੇ ਹਿਮਾਚਲ ਵਿਚ ਇਹ ਮਸ਼ੀਨ ਕੰਮ ਉੱਪਰ ਲਈ ਹੋਈ ਸੀ ਅਤੇ ਉਹ ਪਿੰਡ ਦੇਹਣੀ ਲਾਗੇ ਆਪਣਾ ਟ੍ਰੱਕ ਸੜਕ ਕਿਨਾਰੇ ਖੜਾ ਕਰਕੇ ਟਰੱਕ ਦੇ ਅੰਦਰ ਸੌਂ ਗਿਆ ਤਾਂ ਕੁਝ ਦੇਰ ਬਾਅਦ ਉਸ ਨੂੰ ਟਰੱਕ ਡਰਾਈਵਰਾਂ ਅਤੇ ਰਾਹਗੀਰਾਂ ਨੇ ਉਠਾਇਆ ਤੇ ਦੱਸਿਆ ਕਿ ਤੇਰੇ ਟਰੱਕ ਦੇ ਪਿਛਲੇ ਟਾਇਰਾਂ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਉਕਤ ਫਾਇਰ ਬ੍ਰਿਗੇਡ ਗੱਡੀਆਂ ਕਰੀਬ ਡੇਢ ਘੰਟਾ ਉਡੀਕ ਕਰਨ ਉਪਰੰਤ ਪਹੁੰਚੀਆਂ, ਇੰਨੇ ਟਾਈਮ ਨੂੰ ਦੋਵੇਂ ਵਹੀਕਲ ਸੜਕੇ ਸੁਆਹ ਹੋ ਚੁੱਕੇ ਸਨ।
ਇਸ ਮੌਕੇ 'ਤੇ ਸਥਾਨਕ ਪਿੰਡ ਮੋੜਾ ਦੇ ਸਾਬਕਾ ਪੰਚ ਹਰਬੰਸ ਸਿੰਘ ਨੇ ਕਿਹਾ ਕਿ ਅਜਿਹੇ ਹਾਦਸੇ ਕਈ ਵਾਰ ਵਾਪਰ ਚੁੱਕੇ ਹਨ ਅਤੇ ਇਲਾਕੇ ਦੇ ਲੋਕ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿਖੇ ਫਾਇਰ ਬ੍ਰਿਗੇਡ ਗੱਡੀ ਖੜ੍ਹੀ ਕਰਨੀ ਦੀ ਮੰਗ ਕਰ ਚੁੱਕੇ ਹਨ, ਪਰ ਹਾਲੇ ਤੱਕ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਮੌਕੇ ਉੱਤੇ ਫਾਇਰ ਬ੍ਰਿਗੇਡ ਗੱਡੀ ਪਹੁੰਚ ਜਾਂਦੀ ਤਾਂ ਸ਼ਾਇਦ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਜਾਣਾ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਕੋਈ ਰਾਹਗੀਰ ਉੱਥੋਂ ਨਾ ਗੁਜ਼ਰਦਾ ਅਤੇ ਉਸ ਟਰੱਕ ਡ੍ਰਾਈਵਰ ਨੂੰ ਨਾ ਜਗਾਉਂਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਅਤੇ ਟਰੱਕ ਡਰਾਈਵਰ ਵੀ ਅੱਗ ਦੀ ਲਪੇਟ ਵਿੱਚ ਆ ਸਕਦਾ ਸੀ। ਇਸ ਘਟਨਾ ਦੌਰਾਨ ਹੀ ਅੱਗ ਬੁਝਾਉਣ ਦਾ ਕੋਈ ਸਾਧਨ ਨਾ ਹੋਣ ਕਰਕੇ ਡਰਾਈਵਰ ਆਪਣਾ ਟਰਾਲਾ ਅਤੇ ਉਸ ਉਪਰ ਲੱਦਿਆ ਹੋਇਆ ਸਮਾਨ ਨਾ ਬਚਾ ਸਕਿਆ।