ਰੂਪਨਗਰ: ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਕੰਮ ਕਰ ਰਹੇ ਵੱਖ-ਵੱਖ ਮੁਲਾਜ਼ਮਾਂ ਦੀ ਹੜਤਾਲ ਅੱਜ 9ਵੇਂ ਦਿਨ 'ਤੇ ਪੁੱਜ ਗਈ ਹੈ। ਦੱਸ ਦਈਏ ਕਿ ਇਹ ਮੁਲਾਜ਼ਮ ਕਲਮ ਛੋੜ ਹੜਤਾਲ 'ਤੇ ਹਨ ਤੇ ਅੱਜ ਇਨ੍ਹਾਂ ਨੂੰ ਪੂਰੇ 9 ਦਿਨ ਹੋ ਚੁੱਕੇ ਹਨ ਪਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ।
ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇਨ੍ਹਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਡਿਪਟੀ ਕਮਿਸ਼ਨਰ ਦੇ ਹੜਤਾਲ 'ਤੇ ਗਏ ਮੁਲਾਜ਼ਮਾਂ ਨੇ ਸਕੱਤਰੇਤ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਮੁਲਾਜ਼ਮ ਆਗੂ ਕ੍ਰਿਸ਼ਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਦੀ ਕਲਮ ਛੋੜ ਹੜਤਾਲ ਸਾਡੀ ਸਾਂਝਾ ਮੰਚ ਪੰਜਾਬ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਅੱਜ ਸੂਬੇ ਭਰ ਦੇ ਸਾਰੇ ਕਲਰੀਕਅਲ ਕਾਮੇ ਕਲਮ ਛੋੜ ਹੜਤਾਲ 'ਤੇ ਹਨ।
ਉਨ੍ਹਾਂ ਦੱਸਿਆ ਕਿ ਸਾਡੇ ਨਾਲ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਹਨ। ਮੁਲਾਜ਼ਮਾਂ ਦੀਆਂ ਪੁਰਾਣੀਆਂ ਪੈਨਸ਼ਨਾਂ ਸਕੀਮਾਂ ਦੀ ਬਹਾਲੀ ਕਰਨੀ, ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਮੁਲਾਜ਼ਮਾਂ ਦੀਆਂ ਪੁਰਾਣੀਆਂ ਡੀਏ ਦੀਆਂ ਕਿਸ਼ਤਾਂ ਨੂੰ ਲਾਗੂ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ ਕਈ ਮੰਗਾਂ ਹਨ। ਇਸ ਕਰਕੇ ਉਹ ਕਲਮ ਛੋੜ ਹੜਤਾਲ 'ਤੇ ਹਨ ਤੇ ਅੱਜ ਹੜਤਾਲ ਦਾ 9ਵਾਂ ਦਿਨ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਕਰੇਗੀ ਉਦੋਂ ਤੱਕ ਸਾਡੀ ਹੜਤਾਲ ਅਣਮਿੱਥੇ ਸਮੇਂ ਤੱਕ ਰਹੇਗੀ।