ਰੂਪਨਗਰ: ਸ਼ਹਿਰ ਦੇ ਮੁਹੱਲਾ ਦੀ ਨਵੀ ਅਬਾਦੀ ਦੀ ਇੱਕ ਰੈਡੀਮੇਡ ਦੀ ਦੁਕਾਨ 'ਤੇ ਨਿੱਜੀ ਬਲੂ ਆਈਕਾਨ ਜਾਂਚ ਏਜੇਂਸੀ ਨੇ ਕਾਪੀਰਾਈਟ ਕਾਨੂੰਨ ਤਹਿਤ ਵੱਡੀਆਂ ਕੰਪਨੀਆਂ ਦੇ ਨਕਲੀ ਸਮਾਨ ਨੂੰ ਲੈ ਕੇ ਮਾਰੀ ਗਈ ਛਾਪੇਮਾਰੀ ਕੀਤੀ। ਇਸ ਦੇ ਚੱਲਦਿਆਂ ਸਮੁਚਾ ਬਾਜ਼ਾਰ ਚਾਰ ਘੰਟੇ ਲਈ ਬੰਦ ਰਿਹਾ। ਸ਼ੈਫੀ ਕੁਲੈਕਸ਼ਨ 'ਤੇ ਛਾਪੇਮਾਰੀ ਦੀ ਖ਼ਬਰ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੂੰ ਮਿਲਦਿਆਂ ਹੀ ਪੂਰਾ ਵਪਾਰ ਮੰਡਲ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਚੋਕੀ ਪਹੁੰਚ ਗਿਆ ਜਿਥੇ ਸਥਿਤੀ ਤਣਾਅਪੂਰਨ ਬਣੀ ਰਹੀ।
ਜਾਂਚ ਏਜੇਂਸੀ ਦੇ ਨਿਰਦੇਸ਼ਕ ਹੇਮੰਤ ਟੰਡਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਦੁਕਾਨਦਾਰ ਵੱਲੋਂ ਵੱਡੀਆਂ ਬ੍ਰਾਂਡ ਕੰਪਨੀਆਂ ਦੇ ਲੇਬਲ ਲਾ ਕੇ ਕੱਪੜੇ ਵੇਚੇ ਜਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਲੈ ਕੇ ਦੁਕਾਨ ਦੀ ਜਾਂਚ ਕੀਤੀ ਅਤੇ ਕੱਪੜੇ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਲਿਖਤੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ ਪਰ ਵਪਾਰ ਮੰਡਲ ਵੱਲੋਂ ਕਾਰਵਾਈ ਨਾ ਕਰਨ ਲਈ ਜਾਂਚ ਵਾਲਿਆਂ 'ਤੇ ਦਬਾਓ ਪਾਇਆ ਜਾ ਰਿਹਾ ਹੈ।
ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਇਲਾਕਾ ਆਰਥਿਕ ਪੱਖੋਂ ਕਮਜ਼ੋਰ ਹੈ ਅਤੇ ਦੁਕਾਨਦਾਰਾਂ 'ਤੇ ਅਜੇਹੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਮਾਲ ਤਾਂ ਕੰਪਨੀਆਂ ਬਣਾਉਂਦੀਆਂ ਹਨ ਅਤੇ ਉਹ ਸ਼ਰੇਆਮ ਆਪਣਾ ਸਮਾਨ ਵੇਚ ਵੀ ਰਹੀਆਂ ਹਨ। ਅਰੋੜਾ ਨੇ ਅੱਗੇ ਕਿਹਾ ਕਿ ਵਪਾਰ ਮੰਡਲ ਮੰਗ ਕਰਦਾ ਹੈ ਕਿ ਦੁਕਾਨਦਾਰਾਂ ਨੂੰ ਨਾਜਾਇਜ਼ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਵੱਡੀਆਂ ਕੰਪਨੀਆਂ 'ਤੇ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਥਾਣਾ ਮੁਖੀ ਹਰਕੀਰਤ ਸਿੰਘ ਸੈਣੀ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।