ਰੂਪਨਗਰ :ਅਮਰੀਕਾ ਦੇ ਹਿਊਸਟਨ ਦੀ ਸਭ ਤੋਂ ਵੱਡੀ ਕਾਊਂਟੀ 'ਚ ਡਿਪਟੀ ਸ਼ੈਰਿਫ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਨੌਜਵਾਨ ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਨੇ ਪੰਜਾਬ ਆ ਕੇ ਉਨ੍ਹਾਂ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ। ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਬਣੇ ਅਸਥਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਕਈ ਧਾਰਮਿਕ ਤੇ ਸਿਆਸੀ ਆਗੂ ਵੀ ਮੌਜੂਦ ਰਹੇ।
ਇਸ ਮੌਕੇ ਸੰਦੀਪ ਦੇ ਪਿਤਾ ਪਿਆਰਾ ਸਿੰਘ ਨੇ ਦੱਸਿਆ ਕਿ ਸੰਦੀਪ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ਵਿਚ 1977 ਨੂੰ ਹੋਇਆ ਸੀ। ਪੁਲਿਸ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਲੈਣ ਲਈ ਉਸ ਨੂੰ ਲਗਾਤਾਰ 6 ਸਾਲ ਤੱਕ ਟੈਕਸਾਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਊਂਟੀ ਪੁਲਿਸ ਨਾਲ ਕਾਨੂੰਨੀ ਲੜਾਈ ਲੜਨੀ ਪਈ। 2015 'ਚ ਉਸ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲ ਗਈ ਸੀ, ਪਰ 2019 'ਚ ਅਚਾਨਕ ਇੱਕ ਅਪਰਾਧੀ ਨੇ ਸੰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਸ ਵੇਲੇ ਉਹ ਉਹ ਉਕਤ ਅਪਰਾਧੀ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਕਾਗਜ਼ਾਤ ਦੀ ਪੜਤਾਲ ਕਰ ਰਿਹਾ ਸੀ। ਉਨ੍ਹਾਂ ਦੇ ਪੁੱਤਰ ਨੇ ਅਮਰੀਕਾ ਵਿੱਚ ਰਹਿੰਦਿਆਂ ਸਿੱਖੀ ਦੇ ਲਈ ਤੇ ਲੋਕਾਂ ਦੀ ਸੇਵਾ ਦੇ ਲਈ ਵੱਡੇ ਕੰਮ ਕੀਤੇ ਹਨ। ਜਿਨ੍ਹਾਂ ਤੋਂ ਆਉਣ ਵਾਲੀਆਂ ਨਸਲਾਂ ਨੂੰ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਦੀਪ ਧਾਲੀਵਾਲ ਦੀ ਸ਼ਹਾਦਤ ਨੂੰ ਇੱਕ ਵੱਡੀ ਸ਼ਹਾਦਤ ਦੱਸਦਿਆਂ ਕਿਹਾ ਕਿ ਉਹ ਲੋਕਾਂ ਦੇ ਲਈ ਇਕ ਪ੍ਰੇਰਨਾ ਸਰੋਤ ਰਹਿਣਗੇ
ਸੰਦੀਪ ਦੀਆਂ ਅਸਥੀਆਂ ਪ੍ਰਵਾਹ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਰਹੇ। ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਸ਼ਹਾਦਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਸੰਦੀਪ ਦੀ ਸ਼ਹਾਦਤ 'ਤੇ ਸਾਨੂੰ ਸਾਰਿਆਂ ਨੂੰ ਮਾਣ ਹੈ ਅਤੇ ਆਉਣ ਵਾਲੀਆਂ ਨਸਲਾਂ ਉਸ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣਗੀਆਂ ਅਤੇ ਚੰਗੇ ਕੰਮ ਕਰਨਗੀਆਂ। ਉਨ੍ਹਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ।
ਦੱਸਣਯੋਗ ਹੈ ਕਿ ਅਮਰੀਕਾ ਦੇ ਟੈਕਸਾਸ (Texas) ਸੂਬੇ ਦੇ ਸ਼ਹਿਰ ਹਿਊਸਟਨ (Houston) ਦੀ ਸਭ ਤੋਂ ਵੱਡੀ ਕਾਊਂਟੀ ਵਿੱਚ (Harris county) ਡਿਪਟੀ ਸ਼ੈਰਿਫ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਨੌਜਵਾਨ ਸੰਦੀਪ ਸਿੰਘ ਧਾਲੀਵਾਲ ਦਾ 27 ਸਤੰਬਰ, 2019 ਨੂੰ ਅਮਰੀਕਾ ਵਿੱਚ ਨਸਲੀ ਵਿਤਕਰੇ ਤਹਿਤ ਉੱਥੋਂ ਦੇ ਇੱਕ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਵੇਖੋ, ਅਕਾਲੀ ਆਗੂ ਕਤਲ ਮਾਮਲੇ 'ਚ ਸੀਸੀਟੀਵੀ ਵੀਡੀਓ