ਰੋਪੜ: ਸਰਕਾਰੀ ਕਾਲਜ 'ਚ ਆਰਐਸਐਸ ਵੱਲੋਂ ਕਰਵਾਏ ਜਾਣ ਵਾਲੇ ਸੀਏਏ ਪੱਖੀ ਸਮਾਗਮ ਦਾ ਸਟੂਡੈਂਟ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦਿੱਲੀ ਵਾਂਗ ਪੰਜਾਬ ਦਾ ਵੀ ਮਾਹੌਲ ਖ਼ਰਾਬ ਹੋਵੇਗਾ।
ਦਰਅਸਲ, ਬੀਤੇ ਦਿਨੀਂ ਸੀਏਏ ਦਾ ਰੋਪੜ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਵੀ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਰੋਪੜ ਦੇ ਸੰਘ ਦੇ ਮੈਂਬਰਾਂ ਵੱਲੋਂ ਕਾਲਜ ਦੇ ਵਿੱਚ ਇਸ ਕਾਨੂੰਨ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸੀ ਪਰ ਪੁਲਿਸ ਦੇ ਦਖ਼ਲ ਤੋਂ ਬਾਅਦ ਇਹ ਪ੍ਰਚਾਰ ਰੱਦ ਕਰ ਦਿੱਤਾ ਗਿਆ ਹੈ। ਸੰਘ ਵਾਲੇ ਹੁਣ ਇਹ ਪ੍ਰਚਾਰ 16 ਮਾਰਚ ਨੂੰ ਕਰਨ ਜਾ ਰਹੇ ਹਨ। ਇਸ ਬਾਰੇ ਜਦੋਂ ਪੰਜਾਬ ਸਟੂਡੈਂਟ ਯੂਨੀਅਨ ਨੂੰ ਜਾਣਕਾਰੀ ਮਿਲੀ ਤਾਂ ਉਹ ਰੋਪੜ ਪਹੁੰਚ ਗਏ।
ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਣਵੀਰ ਰੰਧਾਵਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਜੋ ਸੰਘ ਵਾਲੇ ਕਾਲਜ ਦੇ ਵਿੱਚ ਪ੍ਰਚਾਰ ਕਰਨ ਆਏ ਸਨ। ਉਹ ਸਾਰੇ ਆਊਟਸਾਈਡਰ ਹਨ। ਕੋਈ ਵੀ ਇਨ੍ਹਾਂ ਦੇ ਵਿੱਚ ਕਾਲਜ ਦਾ ਵਿਦਿਆਰਥੀ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਵਿੱਚ ਇਨ੍ਹਾਂ ਵੱਲੋਂ ਮਾਹੌਲ ਖਰਾਬ ਕੀਤਾ ਗਿਆ ਤੇ ਹੁਣ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਰੰਧਾਵਾ ਨੇ ਸੰਘ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ।