ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ 'ਚ ਲਗਾਤਾਰ ਕਰਫਿਊ ਜਾਰੀ ਹੈ। ਕਰਫਿਊ ਦੇ ਚੱਲਦੇ ਹਰ ਕੰਮ ਠੱਪ ਪੈ ਗਿਆ ਹੈ। ਕਰਫਿਊ ਤੋਂ ਛੂਟ ਮਿਲਣ ਮਗਰੋਂ ਸ਼ਹਿਰ 'ਚ 40 ਦਿਨਾਂ ਬਾਅਦ ਦੁਕਾਨਾਂ ਖੁਲ੍ਹੀਆਂ ਹਨ।
ਕੋਰੋਨਾ ਮਹਾਂਮਾਰੀ ਤੇ ਕਰਫਿਊ ਦੇ ਚਲਦੇ ਦੁਕਾਨਾਂ ਉੱਤੇ ਗਾਹਕਾਂ ਦੀ ਆਮਦ ਬੇਹਦ ਘੱਟ ਨਜ਼ਰ ਆਈ। ਇਸ ਦੌਰਾਨ ਲੋੜੀਂਦਾ ਵਸਤੂਆਂ, ਸਟੇਸ਼ਨਰੀ, ਮੈਡੀਕਲ ਸਟੋਰ ਆਦਿ ਦੁਕਾਨਾਂ ਖੋਲ੍ਹੀਆਂ ਗਈਆਂ ਹਨ।
ਇਸ ਦੌਰਾਨ ਕੁਝ ਦੁਕਾਨਦਾਰਾਂ ਨੇ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਆਖਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਘਰਾਂ 'ਚ ਬੈਠੇ ਹਨ। ਕਰਫਿਊ ਦਾ ਸਭ ਤੋਂ ਵੱਧ ਅਸਰ ਮੱਧਮ ਵਰਗ ਦੇ ਲੋਕਾਂ ਉੱਤੇ ਪਿਆ ਹੈ। ਕਿਉਂਕਿ ਇਸ ਦੌਰਾਨ ਕਿਰਾਏ 'ਤੇ ਰਹਿਣ ਵਾਲੇ ਲੋਕਾਂ ਲਈ ਵੱਡੀ ਪਰੇਸ਼ਾਨੀ ਹੈ। ਕਰਫਿਊ ਦੇ ਚਲਦੇ ਸਵਾ ਮਹੀਨੇ ਤੋਂ ਉਨ੍ਹਾਂ ਨੂੰ ਕੋਈ ਆਮਦਨ ਨਹੀਂ ਹੋਈ ਪਰ ਮਕਾਨ ਮਾਲਿਕਾਂ ਵੱਲੋਂ ਉਨ੍ਹਾਂ ਤੋਂ ਕਿਰਾਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਬਿੱਲ ਭੇਜ ਦਿੱਤੇ ਗਏ ਹਨ ਤੇ ਬੈਕਾਂ ਵੱਲੋਂ ਵੀ ਲੋਕਾਂ ਤੋਂ ਕਿਸ਼ਤ ਦੀ ਮੰਗ ਕੀਤੀ ਗਈ ਹੈ। ਮੌਜੂਦਾ ਸਮੇਂ 'ਚ ਲੋਕ ਬਿਜਲੀ ਦੇ ਬਿੱਲ ਤੇ ਬੈਂਕ ਦੀਆਂ ਕਿਸ਼ਤਾਂ ਭਰਨ 'ਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬਾ ਸਰਕਾਰ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਸਰਕਾਰ ਇਸ ਨੂੰ ਅਣਦੇਖਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਸੂਬਾ ਸਰਕਾਰ ਨੂੰ ਅਜਿਹੀ ਸਥਿਤੀ ਤੋਂ ਨਿਪਟਾਰੇ ਲਈ ਢੁਕਵੇਂ ਕਦਮ ਚੁੱਕਣਗੇ ਚਾਹੀਦੇ ਹਨ।