ਸ੍ਰੀ ਅਨੰਦਪੁਰ ਸਾਹਿਬ: ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਵਿਦਾਸ ਚੌਕ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਧਰਨੇ ਵਿੱਚ ਸ਼ਾਮਿਲ ਹੋਏ। ਇਸ ਮੌਕੇ 'ਤੇ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਿਤ ਕੀਤਾ ਉਥੇ ਖ਼ਾਸ ਤੌਰ 'ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਧਰਨੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਨਾਲ ਸਬੰਧਿਤ ਭਾਈਚਾਰੇ ਵੱਲੋਂ ਇਹ ਧਰਨਾ ਲਗਾਇਆ ਗਿਆ ਤਾਂ ਜੋ ਕੇਂਦਰ ਸਰਕਾਰ ਤੋਂ ਪਹਿਲਾਂ ਹੀ ਜਾਰੀ ਹੋ ਚੁੱਕੀ ਸਕਾਲਰਸ਼ਿਪ ਪੰਜਾਬ ਦੇ ਐਸਸੀ ਅਤੇ ਬੀਸੀ ਵਿਦਿਆਰਥੀਆਂ ਨੂੰ ਮਿਲ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਸਸੀ ਵਰਗ ਦੇ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਜੋ ਪੈਸਾ ਕੇਂਦਰ ਵੱਲੋਂ ਆਪ ਵੀ ਚੁੱਕਿਆ ਹੈ ਉਹ ਪੈਸਾ ਵੀ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਐਸਸੀ ਵਰਗ ਦੇ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਗਹਿਰੀ ਨੀਂਦ 'ਚੋਂ ਉਠ ਜਾਣਾ ਚਾਹੀਦਾ ਹੈ ਅਤੇ ਆਪਣੇ ਅੰਦਰੂਨੀ ਕਾਟੋ ਕਲੇਸ਼ ਨੂੰ ਛੱਡ ਕੇ ਲੋਕ ਹਿੱਤਾਂ ਦੀ ਰਾਖੀ ਦੇ ਲਈ ਕੰਮ ਕਰਨੇ ਚਾਹੀਦੇ ਹਨ।