ਰੋਪੜ: ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੇ ਗਏ ਸਮਾਗਮ ਦੌਰਾਨ ‘ਆਯੂਸ਼ਮਨ ਭਾਰਤ-ਸਰਬਤ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜੀਵ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ: ਸੁਮੀਤ ਕੁਮਾਰ ਜਾਰੰਗਲ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ:ਸਿਵਲ ਸਰਜਨ ਦੇ ਦਫ਼ਤਰ ਦੀ ਛੱਤ ਡਿੱਗੀ, ਦੂਜੇ ਪਾਸੇ ਧਰਮਸੋਤ ਦੇ ਦਾਅਵੇ, ਵੇਖੋ ਵੀਡੀਓ
ਇਸ ਦੌਰਾਨ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਯੋਜਨਾ ਦੇ ਘੇਰੇ ਵਿੱਚ 43.08 ਲੱਖ ਪਰਿਵਾਰਾਂ ਨੂੰ ਲਿਆ ਗਿਆ ਹੈ, ਜੋ ਰਾਜ ਦੀ ਕੁੱਲ ਆਬਾਦੀ ਦਾ 70 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜੀਕ੍ਰਿਤ ਪਰਿਵਾਰਾਂ ਨੂੰ ਸਾਲਾਨਾ ਪੰਜ ਲੱਖ ਰੁਪਏ ਤੱਕ ਦੇ ਨਗਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਮਿਲੇਗੀ। ਪੰਜੀਕ੍ਰਿਤ ਪਰਿਵਾਰ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਹਾਸਲ ਕਰ ਸਕਣਗੇ।
ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਲਾਭਪਾਤਰੀ ਆਪਣੀ ਪਾਤਰਤਾ ਵੇਖਣ ਲਈ www.shapunjab.in ’ਤੇ ਜਾਣ ਤੇ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਣਾਉਣ ਲਈ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਨਾਲ ਸੰਪਰਕ ਕਰ ਸਕਦੇ ਹਨ ਜਾਂ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿੱਚ ‘ਅਰੋਗਿਆ ਮਿੱਤਰ’ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਸਰਬਤ ਸਿਹਤ ਬੀਮਾ ਯੋਜਨਾ ਦਾ ਆਗਾਜ਼, ਹਰ ਵਰਗ ਲੈ ਸਕਦੈ ਲਾਭ: ਕਾਂਗੜ
ਸਿੰਗਲਾ ਨੇ ਕਿਹਾ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਵਿੱਚ ਹਰ ਵਰਗ ਦੇ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ ਪਰਿਵਾਰ (ਜੇ-ਫਾਰਮ ਧਾਰਕ) ਅਤੇ ਉਸਾਰੀ ਭਲਾਈ ਬੋਰਡ, ਪੰਜਾਬ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਸ਼ਾਮਲ ਹਨ। ਈ-ਕਾਰਡ ਜਾਰੀ ਕਰਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀਆਂ ਲਈ) ਅਤੇ ਪੰਜੀਕ੍ਰਿਤ ਕਾਰਡ (ਉਸਾਰੀ ਕਾਮਿਆਂ ਲਈ) ਜ਼ਰੂਰੀ ਹਨ। ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਟੋਲ ਫ੍ਰੀ ਹੈਲਪਲਾਈਨ ਨੰਬਰ 104 ਤੋਂ ਲਈ ਜਾ ਸਕਦੀ ਹੈ ।
ਇਨ੍ਹਾਂ ਹਸਪਤਾਲਾਂ 'ਚ ਹੋਵੇਗਾ ਮੁਫ਼ਤ ਇਲਾਜ
ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਯੋਜਨਾ ਦੇ ਅਧੀਨ ਸਿਵਲ ਹਸਪਤਾਲ ਰੂਪਨਗਰ, ਐਸ.ਡੀ.ਐਚ. ਸ੍ਰੀ ਆਨੰਦਪੁਰ ਸਾਹਿਬ, ਸੀ.ਐਚ.ਸੀ. ਸ੍ਰੀ ਚਮਕੌਰ ਸਾਹਿਬ, ਸੀ.ਐਚ.ਸੀ. ਨੂਰਪੁਰ ਬੇਦੀ, ਸੀ.ਐਚ.ਸੀ. ਮੋਰਿੰਡਾ, ਸੀ.ਐਚ.ਸੀ. ਭਰਤਗੜ੍ਹ, ਸ਼ਰਮਾ ਆਈ ਹਸਪਤਾਲ, ਸਾਘਾ ਹਸਪਤਾਲ, ਪੰਨੂ ਆਈ ਤੇ ਗਾਇਨੀ ਹਸਪਤਾਲ, ਕੈਲਾਸ਼ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ, ਸਾਂਈ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕ੍ਰਿਸ਼ਨਾ ਨੇਤਰਾਇਆ ਹਸਪਤਾਲ ਨੰਗਲ ਨੂੰ ਸ਼ਾਮਲ ਕੀਤਾ ਗਿਆ ਹੈ, ਜਿੱਥੇ ਲਾਭਪਾਤਰੀ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।